Saturday, November 23, 2024
 

ਚੰਡੀਗੜ੍ਹ / ਮੋਹਾਲੀ

ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਦਾ ਸਮਾਂ 10 ਦਿਨ ਅੱਗੇ ਵਧਾਇਆ

May 10, 2020 08:57 AM

ਚੰਡੀਗੜ੍ਹ : ਕਿਸਾਨਾਂ ਵਲੋਂ ਮਜ਼ਦੂਰਾਂ ਦੀ ਘਾਟ ਸਬੰਧੀ ਜ਼ਾਹਰ ਕੀਤੀਆਂ ਚਿੰਤਾਵਾਂ ’ਤੇ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦੇ ਸਮਾਂ 10 ਦਿਨ ਅਗੇਤਾ ਕਰਨ ਦਾ ਐਲਾਨ ਕੀਤਾ ਹੈ। ਝੋਨੇ ਦੀ ਪਨੀਰੀ ਦੀ ਬਿਜਾਈ ਹੁਣ 10 ਮਈ ਤੋਂ ਅਤੇ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਵੇਗੀ ਜਦਕਿ ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ ’ਤੇ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਪਨੀਰੀ ਬੀਜਣ ਦੀ ਸ਼ੁਰੂਆਤ ਕਰਨ ਲਈ 20 ਮਈ ਅਤੇ ਝੋਨੇ ਦੀ ਲੁਆਈ ਲਈ 20 ਜੂਨ ਦੀ ਤਰੀਕ ਮਿੱਥੀ ਸੀ। ਕੋਵਿਡ ਦੇ ਸੰਕਟ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰਾਂ ਵਲੋਂ ਅਪਣੇ ਘਰਾਂ ਨੂੰ ਵਾਪਸੀ ਕਰਨ ਨਾਲ ਮਜ਼ਦੂਰਾਂ ਦੀ ਘਾਟ ਦੇ ਕਾਰਨ ਕਿਸਾਨਾਂ ਨੇ ਝੋਨੇ ਦੀ ਲੁਆਈ ਦੀਆਂ ਲੋੜਾਂ ਦੀ ਪੂਰਤੀ ਲਈ ਅਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਇਨ੍ਹਾਂ ਚਿੰਤਾਵਾਂ ਨੂੰ ਭਲੀ-ਭਾਂਤ ਸਮਝਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਲੁਆਈ ਦਾ ਸਮਾਂ ਅਗੇਤਾ ਕਰਨਾ ਕਿਸਾਨਾਂ ਦੇ ਹਿਤ ਵਿਚ ਹੋਵੇਗਾ। ਝੋਨੇ ਦੀ ਸਿੱਧੀ ਬਿਜਾਈ ਦੇ ਆਧੁਨਿਕ ਅਮਲ ਦੇ ਨਾਲ-ਨਾਲ ਝੋਨੇ ਦੀ ਲੁਆਈ ਦੀਆਂ ਮਸ਼ੀਨੀ ਤਕਨੀਕਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਾਜੀਤ ਖੰਨਾ ਨੂੰ ਹੁਕਮ ਦਿਤੇ ਕਿ ਕਿਸਾਨਾਂ ਨੂੰ ਹਰੇਕ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੇ ਸਟਾਫ਼ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਅਤੇ ਸਿੱਧੀ ਬਿਜਾਈ ਦੀ ਮਸ਼ੀਨਰੀ ਨੂੰ ਪ੍ਰਭਾਵ ਢੰਗ ਨਾਲ ਵਰਤੋਂ ਵਿਚ ਲਿਆਉਣ ਲਈ ਕਿਸਾਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅਗਾਂਹਵਧੂ ਤਕਨਾਲੋਜੀ ਮਜ਼ਦੂਰਾਂ ਦੀ ਘਾਟ ਨਾਲ ਪੈਦਾ ਹੋਏ ਖਲਾਅ ਨੂੰ ਪੂਰਨ ਵਿਚ ਬਹੁਤ ਸਹਾਈ ਹੋਵੇਗੀ।
ਝੋਨੇ ਦੀ ਸਮੇਂ ਸਿਰ ਬਿਜਾਈ ਨੂੰ ਯਕੀਨੀ ਬਣਾਉਣ ਖਾਤਰ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਇਸ ਸਮੇਂ ਦੌਰਾਨ ਖੇਤੀਬਾੜੀ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਸਹੂਲਤ ਲਈ ਜ਼ਰੂਰੀ ਪ੍ਰਬੰਧ ਕਰਨ ਲਈ ਹਦਾਇਤਾਂ ਦਿਤੀਆਂ ਗਈਆਂ ਹਨ।  ਵਧੀਕ ਮੁੱਖ ਸਕੱਤਰ (ਵਿਕਾਸ) ਅਨੁਸਾਰ, ਕਿਉਂ ਜੋ ਕਿਸਾਨ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਕਿਸਮਾਂ ਅਪਣਾਉਂਦੇ ਹਨ ਜੋ 100 ਦਿਨਾਂ ਵਿਚ ਪੱਕ ਜਾਂਦੀਆਂ ਹਨ ਅਤੇ ਝੋਨੇ ਦੀ ਬਿਜਾਈ ਮੱਧ ਜੂਨ ਤੋਂ ਪਹਿਲਾਂ ਹੋਣ ਸਦਕਾ ਝੋਨੇ ਦੀ ਫ਼ਸਲ ਪਹਿਲਾਂ ਤਿਆਰ ਹੋ ਜਾਵੇਗੀ ਜਿਸ ਕਰ ਕੇ ਸਤੰਬਰ ਦੇ ਦੂਜੇ ਅੱਧ ਤਕ ਜਾਂਦੀ ਮੌਨਸੂਨ ਦੀਆਂ ਅਨਿਸ਼ਚਿਤ ਪ੍ਰਸਥਿਤੀਆਂ ਦਾ ਵੀ ਫ਼ਸਲ ’ਤੇ ਅਸਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਝੋਨੇ ਦੀ ਜਲਦ ਲੁਆਈ ਨਾਲ ਜ਼ਮੀਨ ਹੇਠਲੇ ਪਾਣੀ ਦੇ ਪਹਿਲਾਂ ਹੀ ਘਟ ਰਹੇ ਪੱਧਰ ’ਤੇ ਹੋਰ ਵੀ ਅਸਰ ਪੈ ਸਕਦਾ ਹੈ। ਸ੍ਰੀ ਖੰਨਾ ਨੇ ਕਿਹਾ ਕਿ ਇਹ ਵੀ ਸੰਭਾਵਨਾ ਹੈ ਕਿ ਸਥਾਨਕ ਕਿਰਤੀ ਵੀ ਝੋਨੇ ਦੀ ਲੁਆਈ ਦੇ ਕੰਮ ਲਈ ਅੱਗੇ ਆ ਸਕਦੇ ਹਨ ਜਿਵੇਂ ਕਿ ਕਣਕ ਦੇ ਖਰੀਦ ਕਾਰਜਾਂ ਦੌਰਾਨ ਵੇਖਿਆ ਗਿਆ ਸੀ।

 

Have something to say? Post your comment

Subscribe