ਨਵੀਂ ਦਿੱਲੀ : ਦੇਸ਼ 'ਚ ਫੈਲੇ ਕੋਰੋਨਾਵਾਇਰਸ ਦੀ ਚਪੇਟ 'ਚ ਹੁਣ ਤੱਕ ਬੀ.ਐੱਸ.ਐੱਫ. ਦੇ ਜਵਾਨ ਵੀ ਤੇਜ਼ੀ ਨਾਲ ਆ ਰਹੇ ਹਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ) ਦੇ ਹੋਰ 85 ਕਰਮਚਾਰੀ ਕੋਰੋਨਾਵਾਇਰਸ ਨਾਲ ਪੀੜਤ ਪਾਏ ਗਏ ਹਨ। ਉਸ ਦੇ ਨਾਲ ਹੀ ਹੁਣ ਤੱਕ ਫੋਰਸ ਦੇ 154 ਕਰਮਚਾਰੀ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਫੋਰਸ ਦੇ ਇਕ ਅਧਿਕਾਰੀ ਨੇ ਅੱਜ ਭਾਵ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ 'ਚ 60 ਤੋਂ ਜ਼ਿਆਦਾ ਹਨ ਜੋ ਰਾਸ਼ਟਰੀ ਰਾਜਧਾਨੀ ਦੇ ਜਾਮੀਆ ਅਤੇ ਚਾਂਦਨੀ ਮਹਿਲ ਇਲਾਕੇ 'ਚ ਕਾਨੂੰਨੀ ਵਿਵਸਥਾ ਦੀ ਡਿਊਟੀ 'ਤੇ ਤਾਇਨਾਤ ਕੀਤੇ ਗਏ ਸੀ। 6 ਜਵਾਨ ਉਹ ਹਨ ਜੋ ਪੱਛਮੀ ਬੰਗਾਲ 'ਚ ਕੋਵਿਡ-19 ਨੂੰ ਕੰਟਰੋਲ ਕਰਨ ਲਈ ਕੀਤੇ ਗਏ ਉਪਾਆਂ ਦਾ ਜਾਇਜਾ ਲੈਣ ਉੱਥੇ ਗਏ ਅੰਤਰ-ਮੰਤਰਾਲੇ ਦੀ ਕੇਂਦਰੀ ਟੀਮ ਦੀ ਐਸਕਾਰਟ ਟੀਮ 'ਚ ਸੀ। ਘੱਟ ਤੋਂ ਘੱਟ 37 ਇਨਫੈਕਟਡ ਕਰਮਚਾਰੀ ਤ੍ਰਿਪੁਰਾ ਸਰਹੱਦੀ ਖੇਤਰ ਤੋਂ ਹਨ। ਕੁੱਲ 85 ਨਵੇਂ ਮਾਮਲੇ ਸਾਹਮਣੇ ਆਏ ਹਨ। ਫੋਰਸ ਦੇ ਬੁਲਾਰੇ ਦੇ ਅਨੁਸਾਰ ਇਹ 85 ਜਵਾਨ ਜ਼ਰੂਰੀ ਅਤੇ ਹੋਰ ਡਿਊਟੀ 'ਤੇ ਸਨ। ਬੀ.ਐੱਸ.ਐੱਫ. 'ਚ ਲਗਭਗ ਢਾਈ ਲੱਖ ਕਰਮਚਾਰੀ ਹਨ। ਇਸ ਫੋਰਸ 'ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀ ਭਾਰਤ ਦੀ ਸੀਮਾ ਦੀ ਸੁਰੱਖਿਆ ਦਾ ਜ਼ਿੰਮਾ ਹੈ।