ਜੰਮੂ : ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਇੱਕ ਵਾਰ ਫਿਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਦੇਸ਼ ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਿਹਾ ਹੈ ਤਾਂ ਉਥੇ ਹੀ ਕਸ਼ਮੀਰ 'ਚ ਸੁਰੱਖਿਆ ਬਲ ਅੱਤਵਾਦੀਆਂ ਦੇ ਮਨਸੂਬੇ ਨੂੰ ਨਾਕਾਮ ਕਰਣ 'ਚ ਲੱਗੇ ਹੋਏ ਹਨ। 24 ਘੰਟੇ ਦੇ ਅੰਦਰ ਹੰਦਵਾੜਾ 'ਚ ਇਹ ਦੂਜਾ ਮੁਕਾਬਲਾ ਹੈ। ਐਨਕਾਉਂਟਰ 'ਚ ਸੀ.ਆਰ.ਪੀ.ਐਫ. ਦੇ 3 ਜਵਾਨ ਸ਼ਹੀਦ ਹੋ ਗਏ ਹਨ। ਸੁਰੱਖਿਆ ਬਲਾਂ ਨੇ ਇਸ ਦੌਰਾਨ ਇੱਕ ਅੱਤਵਾਦੀ ਨੂੰ ਵੀ ਮਾਰ ਗਿਰਾਇਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ 'ਚ ਕਰਨਲ, ਮੇਜਰ ਅਤੇ 3 ਜਵਾਨ ਸ਼ਹੀਦ ਹੋਏ ਸਨ। ਉਥੇ ਹੀ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਵੀ ਢੇਰ ਕੀਤਾ ਸੀ। ਇਸ ਦੌਰਾਨ ਕਸ਼ਮੀਰ ਦੇ ਬਡਗਾਮ 'ਚ ਅੱਤਵਾਦੀਆਂ ਨੇ CISF ਕੈਂਪ 'ਤੇ ਵੀ ਗ੍ਰਨੇਡ ਨਾਲ ਹਮਲਾ ਕੀਤਾ ਹੈ। ਇਸ 'ਚ ਇੱਕ ਜਵਾਨ ਜਖ਼ਮੀ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।ਐਤਵਾਰ ਨੂੰ ਹੋਏ ਮੁਕਾਬਲੇ 'ਚ ਸੁਰੱਖਿਆ ਕਰਮਚਾਰੀਆਂ ਨੂੰ ਅੱਤਵਾਦੀਆਂ ਦਾ ਇਨਪੁਟ 6 ਦਿਨ ਪਹਿਲਾਂ 28 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ। ਉਦੋਂ ਤੋਂ ਜਵਾਨ ਉਨ੍ਹਾਂ ਦੇ ਪਿੱਛੇ ਪਏ ਸਨ। ਇਸ ਆਪਰੇਸ਼ਨ 'ਚ 21-ਰਾਸ਼ਟਰੀ ਰਾਇਫਲਸ ਦੇ ਕਮਾਂਡਿੰਗ ਆਫਿਸਰ ਕਰਨਲ ਆਸ਼ੁਤੋਸ਼ ਸ਼ਰਮਾ ਸ਼ਹੀਦ ਹੋਏ। ਕਰਨਲ ਆਸ਼ੁਤੋਸ਼ ਕਈ ਸਫਲ ਆਪਰੇਸ਼ਨ ਦੇ ਹਿੱਸਾ ਰਹੇ ਸਨ।