ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵੇਗਾ। ਉਨ੍ਹਾਂ ਕਿਹਾ ਕਿ ਉਹ ਸਤੰਬਰ ਤੱਕ ਸਾਰੇ ਸਕੂਲ ਤੇ ਯੂਨੀਵਰਸਿਟੀ ਮੁੜ ਖੋਲ੍ਹਣ ਦੀ ਅਪੀਲ ਕਰਨਗੇ। ਦੁਨੀਆ ਦੇ ਸਾਰੇ ਦੇਸ਼ ਕੋਵਿਡ-19 ਤੋਂ ਬਚਾਅ ਲਈ ਇਸ ਦੇ ਟੀਕੇ ਨੂੰ ਬਣਾਉਣ ਦੀ ਦੌੜ 'ਚ ਲੱਗੇ ਹੋਏ ਹਨ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ ਤੋਂ ਪਹਿਲਾਂ ਕੋਈ ਹੋਰ ਦੇਸ਼ ਕੋਰੋਨਾ ਦੀ ਵੈਕਸੀਨ ਤਿਆਰ ਕਰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ ਖੋਜ ਪ੍ਰਕਿਰਿਆ 'ਚ ਮਨੁੱਖੀ ਪ੍ਰੀਖਣਾਂ ਦੌਰਾਨ ਹੋਣ ਵਾਲੇ ਜ਼ੋਖਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਵਲੰਟੀਅਰ ਹਨ। ਉਹ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ। ਟਰੰਪ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਟੀਕੇ ਦੀ ਭਵਿੱਖਬਾਣੀ 'ਤੇ ਆਪਣੇ ਖੁਦ ਦੇ ਸਲਾਹਕਾਰਾਂ ਤੋਂ ਅੱਗੇ ਨਿਕਲ ਰਹੇ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਮੈਂ ਉਹੀ ਕਹਿੰਦਾ ਹਾਂ ਜੋ ਸੋਚਦਾ ਹਾਂ। ਉੱਥੇ ਹੀ ਮਾਈਕ੍ਰੋਸਾਫ਼ਟ ਕਾਰਪੋਰੇਸ਼ਨ ਦੇ ਸੰਸਥਾਪਕ ਬਿਲ ਗੇਟਸ ਦਾ ਮੰਨਣਾ ਹੈ ਕਿ ਜੇ ਕੋਰੋਨਾ ਵਾਇਰਸ ਟੀਕਾ ਬਣਾ ਲਿਆ ਜਾਂਦਾ ਹੈ ਤਾਂ ਦੁਨੀਆ ਵਿੱਚ ਇਸ ਦੀ 1400 ਕਰੋੜ ਖੁਰਾਕਾਂ ਤਿਆਰ ਕਰਨ ਦੀ ਲੋੜ ਹੋਵੇਗੀ। ਆਪਣੇ ਬਲਾਗ 'ਚ ਉਨ੍ਹਾਂ ਦੱਸਿਆ ਕਿ ਇਹ ਖੁਰਾਕਾਂ ਜਿੰਨੀ ਛੇਤੀ ਹੋ ਸਕੇ ਦੁਨੀਆ ਦੇ ਹਰ ਹਿੱਸੇ ਵਿੱਚ ਭੇਜਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ 'ਚ 9 ਮਹੀਨੇ ਤੋਂ 2 ਸਾਲ ਤੱਕ ਲੱਗ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ 8 ਤੋਂ 10 ਟੀਕਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਿਸੇ ਨੂੰ ਵੀ ਸਫ਼ਲਤਾ ਮਿਲ ਸਕਦੀ ਹੈ।