ਰੋਟੀ ਖਾਣ ਨੂੰ ਤਰਸਦੇ ਲੋਕਾਂ ਹੱਥ ਫੜਾਏ ਬਿਜਲੀ ਦੇ ਬਿੱਲ
ਚੰਡੀਗੜ੍ਹ : ਪਿਛਲੇ 40 ਦਿਨਾਂ ਤੋਂ ਤਾਲਾਬੰਦੀ 'ਚ ਫਸੇ ਲੋਕਾਂ ਨੂੰ ਪੰਜਾਬ ਸਰਕਾਰ ਨੇ ਬੜਾ ਹੀ ਸ਼ਾਨਦਾਰ ਤੋਹਫ਼ਾ ਦਿਤਾ ਹੈ। ਆਪੋ-ਅਪਣੇ ਘਰਾਂ 'ਚ ਰੋਟੀ ਤੋਂ ਵੀ ਆਤੁਰ ਹੋਏ ਲੋਕਾਂ ਨੂੰ ਪਾਵਰਕਾਮ ਨੇ ਫ਼ੋਨਾਂ 'ਚ ਸਜਾ ਕੇ ਬਿਜਲੀ ਦੇ ਬਿੱਲ ਭੇਜ ਦਿਤੇ ਹਨ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਰੋਟੀ ਦਾ ਜੁਗਾੜ ਕਰਨ ਜਾਂ ਫਿਰ ਸਰਕਾਰ ਨੂੰ ਰਿਟਰਨ ਗਿਫ਼ਟ ਦੇਣ। ਦੋ ਡੰਗ ਦੀ ਰੋਟੀ ਲਈ ਤਰਸਦੇ ਲੋਕ ਅਪਣੇ-ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਉਹ ਸਮਝ ਨਹੀਂ ਪਾ ਰਹੇ ਕਿ ਉਹ ਅਪਣਾ ਢਿੱਡ ਭਰਨ ਜਾਂ ਸਰਕਾਰ ਦੀਆਂ ਜੇਬਾਂ ਭਰਨ।
ਤਾਲਾਬੰਦੀ ਕਰਨ ਵੇਲੇ ਕੇਂਦਰ ਤੇ ਸੂਬਾ ਸਰਕਾਰ ਨੇ ਲੰਬੇ-ਚੌੜੇ ਵਾਅਦੇ ਕੀਤੇ ਸੀ ਕਿ ਲੋਕਾਂ ਨੂੰ ਤਿੰਨ ਮਹੀਨਿਆਂ ਲਈ ਕੋਈ ਤਕਲੀਫ਼ ਨਹੀਂ ਹੋਵੇਗੀ ਪਰ ਪਿਛਲੇ 40 ਦਿਨਾਂ 'ਚ ਸਰਕਾਰਾਂ ਕਿਸੇ ਵੀ ਵਾਅਦੇ 'ਤੇ ਪੂਰੀਆਂ ਨਹੀਂ ਉਤਰੀਆਂ। ਸੂਬੇ ਦੀਆਂ ਕਈ ਬਸਤੀਆਂ ਤੇ ਮੁਹੱਲੇ ਅਜਿਹੇ ਹਨ ਜਿਥੇ ਸਰਕਾਰੀ ਸਹਾਇਤਾ ਅਜੇ ਤਕ ਨਹੀਂ ਪਹੁੰਚੀ ਤੇ ਉਨ੍ਹਾਂ ਲੋਕਾਂ ਕੋਲ ਜਿੰਨੀ ਕੁ ਪੂੰਜੀ ਸੀ, ਉਹ ਖ਼ਤਮ ਹੋ ਚੁਕੀ ਹੈ ਤੇ ਹੁਣ ਸਰਕਾਰ ਨੇ ਬਿਜਲੀ ਦੇ ਬਿੱਲ ਭੇਜ ਦਿਤੇ।
ਪਹਿਲੇ ਕੁੱਝ ਦਿਨ ਤਾਂ ਸਿਆਸੀ ਰੋਟੀਆਂ ਸੇਕਣ ਲਈ ਕੁੱਝ ਕੁ ਲੋਕ ਨਿਕਲੇ ਪਰ ਥੋੜ੍ਹੇ ਦਿਨਾਂ ਬਾਅਦ ਉਹ ਵੀ ਦਿਖਾਈ ਦੇਣੋ ਹਟ ਗਏ। ਸ਼ੁਰੂ-ਸ਼ੁਰੂ ਵਿਚ ਕੁੱਝ ਲੋਕਾਂ ਨੇ ਵੀ ਸਮਾਜ ਸੇਵਾ ਕੀਤੀ ਪਰ ਸਮੇਂ ਦੀ ਚਾਲ ਨਾਲ ਉਹ ਵੀ ਠੰਢੇ ਪੈ ਗਏ। ਹੁਣ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਧਰ ਜਾਣ ਤੇ ਕਿਸਦੇ ਅੱਗੇ ਹੱਥ ਅੱਡਣ।
ਪਿਛਲੇ 40 ਕੁ ਦਿਨਾਂ 'ਚ ਬਹੁਤ ਕੁੱਝ ਬਦਲ ਗਿਆ ਹੈ। ਲੋਕਾਂ ਦੇ ਰਿਸ਼ਤੇ ਟੁੱਟ ਗਏ, ਲੋਕ ਟੁੱਟ ਗਏ, ਲੋਕ ਬੇਰੁਜ਼ਗਾਰ ਹੋ ਗਏ, ਮਾਪਿਆਂ ਵਰਗੇ ਪ੍ਰਾਈਵੇਟ ਕੰਪਨੀਆਂ ਦੇ ਮਾਲਕ ਕੁਮਾਪੇ ਬਣ ਗਏ, ਦੁਕਾਨਾਂ ਬੰਦ ਹੋਣ ਕਾਰਨ ਛੋਟਾ ਦੁਕਾਨਦਾਰ ਵੀ ਸੜਕਾਂ 'ਤੇ ਆ ਗਿਆ ਪਰ ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਉਨ੍ਹਾਂ ਨੂੰ ਤਾਂ ਅਪਣੇ ਖ਼ਜ਼ਾਨੇ ਦੀ ਚਿੰਤਾ ਹੈ। ਹੁਣੇ-ਹੁਣੇ ਖ਼ਬਰ ਮਿਲੀ ਹੈ ਕਿ ਗਵਾਂਢੀ ਸੂਬੇ ਹਰਿਆਣਾ ਨੇ ਚੀਜ਼ਾਂ ਮਹਿੰਗੀਆਂ ਕਰ ਦਿਤੀਆਂ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਕੋਲ ਤਾਂ ਸਸਤੀਆਂ ਚੀਜ਼ਾਂ ਖ਼ਰੀਦਣ ਲਈ ਪੈਸੇ ਨਹੀਂ ਹਨ ਤੇ ਇਹ ਮਹਿੰਗੀਆਂ ਵੇਚਣ ਨੂੰ ਬੈਠੇ ਹਨ।
ਤਾਲਾਬੰਦੀ ਤੋਂ ਕੁੱਝ ਦਿਨ ਬਾਅਦ ਕੇਂਦਰੀ ਖ਼ਜ਼ਾਨਾ ਮੰਤਰੀ ਸੀਤਾਰਮਨ ਨੇ ਲੰਬੀ ਚੌੜੀ ਸੂਚੀ ਪੜ੍ਹ ਕੇ ਸੁਣਾਈ ਸੀ ਪਰ ਲਗਦਾ ਹੈ ਕਿ ਉਹ ਸੂਚੀ ਮੰਤਰਾਲੇ 'ਚ ਹੀ ਰਹਿ ਗਈ ਤੇ ਮਜ਼ਦੂਰ ਤੇ ਗ਼ਰੀਬ ਵਰਗ ਹੋਰ ਹੇਠਾਂ ਦਬ ਗਿਆ ਹੈ।
ਮੁੱਖ ਗੱਲ 'ਤੇ ਆਈਏ, ਪਿਛਲੇ 40 ਦਿਨਾਂ 'ਚ ਨਾ ਇੰਡਸਟਰੀ ਚੱਲੀ, ਨਾ ਹੀ ਖੇਤਾਂ 'ਚ ਟਿਊਬਵੈੱਲ ਚੱਲੇ, ਫਿਰ ਕਿੰਨੀ ਕੁ ਬਿਜਲੀ ਦੀ ਖ਼ਪਤ ਹੋਈ। ਜਿਹੜੀ ਸਰਕਾਰ ਸਾਲਾਂ ਤੋਂ ਕਿਸਾਨਾਂ (100-100 ਏਕੜ ਵਾਲੇ ਧਨਾਂਢਾਂ) ਨੂੰ ਮੁਫ਼ਤ ਬਿਜਲੀ ਦੇ ਗੱਫ਼ੇ ਦੇ ਰਹੀ ਹੈ ਉਹ ਆਮ ਲੋਕਾਂ ਦਾ ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ ਵੀ ਮੁਆਫ਼ ਨਾ ਕਰ ਸਕੀ। ਲੋਕ ਕੁੱਝ ਨਹੀਂ ਮੰਗਦੇ, ਜਾਂ ਤਾਂ ਤਾਲਾਬੰਦੀ ਖੋਲ੍ਹ ਦਿਉ, ਲੋਕ ਮਰਨ ਜਾਂ ਜਿਉਂਦੇ ਰਹਿਣ ਜਾਂ ਫਿਰ ਕੁੱਝ ਸਹੂਲਤਾਂ ਦਿਉ। ਪਰ ਨਹੀਂ ਇਥੇ ਅੰਨ੍ਹੇ ਨੂੰ ਬੋਲ਼ਾ ਧੂਈ ਫਿਰਦੈ, ਕਿਸੇ ਨੇ ਆਮ ਲੋਕਾਂ ਦੀ ਗੱਲ ਨਹੀਂ ਸੁਣਨੀ। ਇਹ ਉਹ ਦੇਸ਼ ਹੈ ਜਿਥੇ ਅਮੀਰਾਂ ਨੂੰ ਤਾਲਾਬੰਦੀ 'ਚੋਂ ਕੱਢਣ ਵਾਸਤੇ ਜਹਾਜ਼ਾਂ ਦਾ ਪ੍ਰਬੰਧ ਹੋ ਸਕਦਾ ਹੈ ਪਰ ਨੰਗੇ ਪੈਰਾਂ ਵਾਲੇ ਮਜ਼ਦੂਰਾਂ ਲਈ ਸਾਈਕਲ ਦਾ ਵੀ ਪ੍ਰਬੰਧ ਨਹੀਂ ਹੋ ਸਕਦਾ।