ਕਿਨੌਰ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿੰਨੌਰ ਵਿਚ ਪੈਂਦੇ ਪਿੰਡ ਪਾਂਗੀ ਵਿਖੇ ਬੁੱਧਵਾਰ ਨੂੰ ਕਰੀਬ 10 ਵਜੇ ਪਿਰੀ ਰੇਂਜ ਦਾ ਪਹਾੜ ਟੁੱਟ ਗਿਆ। ਹਾਦਸੇ ਵਿਚ ਸਥਾਨਕ ਲੋਕਾਂ ਦੇ ਬਾਗ ਤਬਾਹ ਹੋ ਗਏ ਹਾਲਾਂ ਕਿ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਪਾਂਗੀ ਵਿਖੇ ਸਵੇਰੇ 10 ਵਜੇ ਅਚਾਨਕ ਪਹਾੜੀਆਂ ਵਿਚ ਗਰਜਨ ਦੀ ਅਵਾਜ਼ ਆਉਣ ਲੱਗੀ ਮਗਰੋਂ ਆਸ-ਪਾਸ ਦੇ ਬਾਗ਼ਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਹਾੜਾਂ ਵਿਚੋਂ ਵੱਡੀਆਂ ਵੱਡੀਆਂ ਚੱਟਾਨਾਂ ਸਿੱਧਾ ਪਿੰਡ ਵੱਲ ਆਉਣ ਲੱਗੀਆਂ। ਆਸ ਪਾਸ ਦੇ ਬਾਗ਼ਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਇਧਰ ਉਧਰ ਭੱਜ ਕੇ ਜਾਨ ਬਚਾਈ। ਪਹਿਲੇ ਸਮੇਂ ਵਿਚ ਹੀ ਪਹਾੜਾਂ ਤੋਂ ਡਿੱਗਿਆਂ ਚੱਟਾਨਾਂ ਅਤੇ ਖ਼ਤਰਨਾਕ ਧੂੜ-ਮਿੱਟੀ ਨੇ ਲੱਖਾਂ ਦੇ ਸੇਬ ਬਗ਼ੀਚਿਆਂ ਨੂੰ ਆਪਣੀ ਬੁੱਕਲ ਵਿਚ ਲੈ ਲਿਆ।
ਪਾਂਗੀ ਪੰਚਾਇਤ ਦੇ ਨੇਤਰ ਸਿੰਘ ਬੇਦੀ ਨੇ ਦੱਸਿਆ ਕਿ ਕਿ ਇਹ ਹਾਦਸਾ ਅਚਾਨਕ ਵਾਪਰਿਆ ਜਿਸ ਵਿੱਚ ਪਹਾੜਾਂ ਤੋਂ ਵੱਡੀਆਂ ਵੱਡੀਆਂ ਚੱਟਾਨਾਂ ਪਿੰਡ ਵੱਲ ਆ ਡਿੱਗੀਆਂ। ਅਜੇ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦਾ ਮੌਕੇ ਤੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਫਿਲਹਾਲ ਕਿਸੇ ਜਾਨ ਮਾਲ ਦੇ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਅਤੇ ਨਾਲ ਹੀ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।