ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ ਜੰਗ 'ਚ ਇਕ ਹੋਰ ਕਦਮ ਚੁੱਕਦੇ ਹੋਏ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਮੋਬਾਇਲ ਫੋਨ 'ਤੇ ਆਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕੋਵਿਡ-19 ਦੀ ਲੜੀ ਨੂੰ ਤੋੜਨ 'ਚ ਮਦਦਗਾਰ ਹੋਵੇਗੀ। ਇਹ ਹੁਕਮ ਸਾਰੇ ਵਿਭਾਗਾਂ, ਮੰਤਰਾਲਿਆਂ, ਕੈਬਨਿਟ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਭੇਜਿਆ ਗਿਆ ਹੈ। ਕੇਂਦਰੀ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿਘਰ ਤੋਂ ਦਫਤਰ ਆਉਣ ਤੋਂ ਪਹਿਲਾਂ ਉਹ ਆਰੋਗਿਆ ਸੇਤੂ ਐਪ 'ਤੇ ਸਟੇਟਸ ਜ਼ਰੂਰ ਦੇਖ ਲੈਣ ਅਤੇ ਤਾਂ ਹੀ ਦਫਤਰ ਪਹੁੰਚਣ ਜਦੋਂ ਐਪ 'ਤੇ 'ਸੇਫ' ਜਾਂ 'ਲੋਅ ਰਿਸਕ' ਦਾ ਸਟੇਟਸ ਦਿਸੇ। ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਐਪ 'ਤੇ 'ਹਾਈ ਰਿਸਕ' ਸਟੇਟਸ ਦਿਖਾਈ ਦਿੰਦਾ ਹੈ ਤਾਂ ਉਹ ਦਫਤਰ ਨਾ ਆਉਣ ਅਤੇ ਖੁਦ ਨੂੰ ਉਦੋਂ ਤੱਕ ਲਈ ਵੱਖ ਰੱਖਣ ਜਦੋਂ ਤੱਕ ਐਪ 'ਤੇ ਉਨ੍ਹਾਂ ਨੂੰ 'ਸੇਫ' ਜਾਂ 'ਲੋਅ ਰਿਸਕ' ਦਾ ਸਟੇਟਸ ਦਿਖਾਈ ਨਾ ਦੇਵੇ।