ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਕਾਰਨ ਤਮਾਮ ਦੇਸ਼ਾਂ ਵਿਚ ਵੱਡੀ ਮੁਸ਼ਕਲ ਆਈ ਹੋਈ ਹੈ। ਇਸ ਦਾ ਵੱਧ ਰਿਹਾ ਕਹਿਰ ਵੱਡੀ ਚਿੰਤਾ ਦਾ ਵਿਸ਼ਾ ਹੈ। ਕਈ ਲੋਕ ਇਸ ਨੂੰ ਬਹੁਰੂਪੀਆ ਵਾਇਰਸ ਵੀ ਕਹਿ ਰਹੇ ਹਨ। ਇਸ ਦੇ ਮੱਦੇਨਜ਼ਰ ਆਲਮੀ ਪੱਧਰ 'ਤੇ ਇਸ ਦੇ ਪ੍ਰਭਾਵ ਤੋਂ ਮੁਕਤੀ ਲਈ ਖੋਜਾਂ ਹੋ ਰਹੀਆਂ ਹਨ। ਹੁਣ ਸਵਿਟਜ਼ਲੈਂਡ ਵਿਚ ਹੋਈ ਇਕ ਨਵੀਂ ਖੋਜ ਵਿਚ ਇਹ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਕਿ ਇਹ ਵਿਸ਼ਾਣੂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਪਹੁੰਚ ਸਕਦਾ ਹੈ। ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਵਿਸ਼ਾਣੂ ਸਰੀਰ ਦੇ ਹਰ ਹਿੱਸੇ ਵਿਚ ਖ਼ੂਨ ਪਹੁੰਚਾਉਣ ਵਾਲੀਆਂ ਲਹੂ ਧਮਣੀਆਂ 'ਤੇ ਹਮਲਾ ਕਰ ਰਿਹਾ ਹੈ। ਸਵਿਟਜ਼ਰਲੈਂਡ ਦੀ ਜਯੂਰਿਖ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਇਹ ਖੋਜ ਕੀਤੀ ਹੈ ਜਿਸ ਦੀ ਰਿਪੋਰਟ ਇਕ ਹੈਲਥ ਜਰਨਲ ਦਿ ਲੈਂਸੇਟ ਵਿਚ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਲਹੂ ਧਮਣੀਆਂ ਨੂੰ ਪ੍ਰਭਾਵਤ ਕਰ ਕੇ ਮਨੁੱਖ ਦੇ ਸਰੀਰ ਦੇ ਕਿਸੇ ਵੀ ਅੰਗ/ਹਿੱਸੇ ਤਕ ਪਹੁੰਚ ਸਕਦਾ ਹੈ ਅਤੇ ਜਾਨਲੇਵਾ ਹੋ ਸਕਦਾ ਹੈ। ਵਿਗਿਆਨੀ ਫ੍ਰੇਂਕ ਰਸਿਚਜਕਾ ਅਨੁਸਾਰ ਇਹ ਵਿਸ਼ਾਣੂ ਲਹੂਧਮਣੀ ਦੀ ਉਪਰਲੀ ਪਰਤ (ਐਂਡੋਥੀਲੀਯਮ) 'ਤੇ ਹਮਲਾ ਕਰਦਾ ਹੈ, ਜਿਸ ਕਾਰਨ ਸਰੀਰ ਵਿਚ ਲਹੂ ਦਾ ਸੰਚਾਰ ਘੱਟ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸਰੀਰ ਦੇ ਕਿਸੇ ਇਕ ਹਿੱਸੇ ਵਿਚ ਲਹੂ ਜਮਾਂ ਹੋਣ ਲਗਦਾ ਹੈ। ਇਸ ਵਿਚ ਇਕ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਵਿਸ਼ਾਣੂ ਸਿਰਫ਼ ਫ਼ੇਫ਼ੜਿਆਂ ਨੂੰ ਹੀ ਨਹੀਂ ਸਗੋਂ ਦੂਜੇ ਅੰਗਾਂ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ।
ਦਿਲ ਦੇ ਮਰੀਜ਼ਾਂ ਨੂੰ ਖ਼ਤਰਾ ਜ਼ਿਆਦਾ
ਮਾਹਰਾਂ ਅਨੁਸਾਰ ਲਹੂਧਮਣੀਆਂ 'ਤੇ ਇਸ ਵਿਸ਼ਾਣੂ ਦੇ ਪ੍ਰਭਾਵ ਕਾਰਨ ਸਧਾਰਨ ਵਿਅਕਤੀ ਦੀ ਤੁਲਨਾ ਵਿਚ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਕੋਰੋਨਾ ਦਾ ਖ਼ਤਰਾ ਜ਼ਿਆਦਾ ਹੈ। ਅਜਿਹੇ ਲੋਕਾਂ ਨੂੰ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ। ਰਿਪੋਰਟ ਅਨੁਸਾਰ ਹੁਣ ਤਕ ਅਜਿਹੇ ਕਈ ਮਾਮਲੇ ਸਾਹਮਣੇ ਆ ਹੁੱਕੇ ਹਨ ਜਿਸ ਵਿਚ ਕੋਰੋਨਾ ਫ਼ੇਫ਼ੜਿਆਂ ਤੋਂ ਬਿਨਾਂ ਦਿਲ, ਕਿਡਨੀ ਅਤੇ ਅੰਤੜੀਆਂ ਨੂੰ ਜਕੜ ਚੁੱਕਾ ਹੈ।
ਏਸੀਈ 2 ਰਿਸੈਪਟਰਸ ਕੋਰੋਨਾ ਦਾ ਮਦਦਗਾਰ
ਯੂਨੀਵਰਸਿਟੀ ਦੇ ਮਾਹਰਾਂ ਨੇ ਵਿਸ਼ਾਣੂ ਦੇ ਪ੍ਰਭਾਵ ਦਾ ਤਰੀਕਾ ਸਮਝ ਲਈ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀਆਂ ਲਹੂਧਮਣੀਆਂ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਹੈ। ਇਲੈਕਟ੍ਰੌਨ ਮਾਈਕਰੋਸਕੋਪ ਦੀ ਮਦਦ ਨਾਲ ਦੇਖਣ 'ਤੇ ਪਤਾ ਲੱਗਾ ਕਿ ਲਹੂਧਮਣੀਆ ਨੁਕਸਾਨੀਆਂ ਹਨ। ਅਜਿਹਾ ਹੋਣ ਦਾ ਕਾਰਨ ਏਸੀਈ 2 ਰਿਸੈਪਟਰ ਐਂਜਾਇਮ ਦਸਿਆ ਗਿਆ ਹੈ। ਹੁਣ ਤਕ ਕਈ ਖੋਜਾਂ ਵਿਚ ਏਸੀਈ 2 ਰਿਸੈਪਟਰਸ ਨੂੰ ਕੋਰੋਨਾ ਦਾ ਮਦਦਗਾਰ ਦਸਿਆ ਜਾ ਚੁੱਕਾ ਹੈ। ਇਹ ਐਂਜਾਇਮ ਦਿਲ, ਫ਼ੇਫੜੇ ਅਤੇ ਕਿਡਨੀ ਦੀਆਂ ਕੋਸ਼ਿਕਾਵਾਂ ਵਿਚ ਮਿਲਦਾ ਹੈ।
ਸਮੋਕਿੰਗ ਛੱਡਣ ਦੀ ਸਲਾਹ
ਮਾਹਰਾਂ ਅਨੁਸਾਰ ਕਿਸੇ ਵੀ ਗੰਭੀਰ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਕੋਰੋਨਾ ਦਾ ਖ਼ਤਰਾ ਜ਼ਿਆਦਾ ਹੋਣ ਪਿੱਛੇ ਕਾਰਨ ਉਨ•ਾਂ ਦੀਆਂ ਲਹੂਧਮਣੀਆਂ ਦਾ ਕਮਜ਼ੋਰ ਹੋਣਾ ਹੈ। ਹਾਈ ਬਲੱਡ ਪ੍ਰੈਸ਼ਰ, ਦਿਲ ਸਬੰਧੀ ਬਿਮਾਰੀਆਂ, ਮੋਟਾਪਾ ਅਤੇ ਡਾਇਬਟੀਜ਼ ਦੇ ਮਰੀਜ਼ਾਂ ਦੀਆਂ ਲਹੂਧਮਣੀਆਂ ਕਮਜ਼ੋਰ ਹੁੰਦੀਆਂ ਹਨ। ਸਮੋਕਿੰਗ ਕਰਨ ਵਾਲੇ ਲੋਕਾਂ ਵਿਚ ਵੀ ਇਸ ਦਾ ਖ਼ਤਰਾ ਜ਼ਿਆਦਾ ਹੈ। ਇਸ ਲਈ ਸਿਹਤ ਮਾਹਰਾਂ ਵਲੋਂ ਅਜਿਹੀਆਂ ਆਦਤਾਂ ਦਾ ਤਿਆਗ ਕਰਨ ਦੀ ਸਲਾਹ ਦਿਤੀ ਗਈ ਹੈ।