ਚੰਡੀਗੜ੍ਹ, : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੀ ਚੋਣ ਰੈਲੀ ਦੌਰਾਨ ਭਾਰਤੀ ਫ਼ੌਜਾਂ ਦੀ ਸਫ਼ਲਤਾ ਅਤੇ ਬੀਤੇ 'ਚ ਭਾਰਤੀ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਦੇ ਸਿਆਸੀ ਲਾਹੇ ਲਈ ਜ਼ਿਕਰ ਕਰਨ 'ਤੇ ਸਖ਼ਤ ਇਤਰਾਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਪ੍ਰਧਾਨ ਮੰਤਰੀ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮਤਰੀ ਨੇ ਮੋਦੀ ਦੇ ਮਹਾਰਾਸ਼ਟਰ ਵਿਚ ਦਿਤੇ ਭਾਸ਼ਣ ਨੂੰ 'ਬੇਹਦ ਸ਼ਰਮਨਾਕ' ਕਰਾਰ ਦਿੰਦਿਆਂ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਆਦਰਸ਼ ਚੋਣ ਜ਼ਾਬਤੇ, ਜੋ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਦਾ ਆਧਾਰ ਹੈ, ਦੀ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਵਲੋਂ ਅਜਿਹੇ ਮਾਮਲਿਆਂ 'ਤੇ ਪੈਨੀ ਨਜ਼ਰ ਰੱਖਣ 'ਚ ਅਸਫ਼ਲ ਰਹਿਣਾ ਪੱਖਪਾਤ ਦਰਸਾਉਂਦਾ ਹੈ।ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੇ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵਲੋਂ ਭਾਰਤੀ ਹਵਾਈ ਫ਼ੌਜ ਦੇ ਬਾਲਾਕੋਟ ਹਵਾਈ ਹਮਲੇ ਅਤੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਕੁਰਬਾਨੀ ਰਾਹੀਂ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਭਰਮਾਉਣ 'ਤੇ ਸਖ਼ਤ ਇਤਰਾਜ਼ ਜਤਾਇਆ।
ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀ ਨੂੰ ਅਪਣੀ ਮੁਹਿੰਮ ਦੌਰਾਨ ਰੱਖਿਆ ਫ਼ੌਜਾਂ ਦੇ ਮੁਲਾਜ਼ਮਾਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਬਾਰੇ ਆਖੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਉਸ ਦੀਆਂ ਸਰਹੱਦਾਂ, ਸੁਰੱਖਿਆ ਅਤੇ ਸਿਆਸੀ ਪ੍ਰ੍ਰਣਾਲੀ ਦੀਆਂ ਰੱਖਿਅਕ ਹੁੰਦਿਆਂ ਹਨ। ਉਹ ਗ਼ੈਰ ਸਿਆਸੀ ਅਤੇ ਆਧੁਨਿਕ ਜਮਹੂਰੀਅਤ ਵਿਚ ਬੇਲਾਗ ਦਾਅਵੇਦਾਰ ਹੁੰਦੀਆਂ ਹਨ। ਇਸ ਕਰ ਕੇ ਇਹ ਬਹੁਤ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਅਤੇ ਆਗੂ ਆਪਣੀ ਸਿਆਮੀ ਮੁਹਿੰਮ ਦੌਰਾਨ ਹਥਿਆਰਬੰਦ ਫ਼ੌਜਾਂ ਦਾ ਕੋਈ ਹਵਾਲਾ ਦੇਣ ਵੇਲੇ ਬਹੁਤ ਜ਼ਿਆਦਾ ਸਾਵਧਾਨੀ ਵਰਤਣ। ਮੁੱਖ ਮੰਤਰੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਇਸ ਵਿਚ ਨਿੱਜੀ ਦਖ਼ਲ ਦੇ ਕੇ ਸੱਤਾਧਾਰੀ ਧਿਰ ਅਤੇ ਇਸ ਦੇ ਆਗੂਆਂ ਨੂੰ ਠੱਲ ਪਾਉਣ ਤਾਂ ਜੋ ਚੋਣ ਜ਼ਾਬਤੇ ਦੀ ਉਲੰਘਣਾ ਰੋਕੀ ਜਾ ਸਕੇ।