ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਅਲਰਟ ਵਿਚ ਦੇਰੀ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਫੰਡਿੰਗ ਰੋਕਣ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਬਲਿਊ. ਐੱਚ. ਓ. ਆਪਣੀ ਡਿਊਟੀ ਕਰਨ ਵਿਚ ਅਸਫਲ ਰਿਹਾ, ਜਿਸ ਕਾਰਨ ਕਈ ਜਾਨਾਂ ਗਈਆਂ। ਇਸ ਤੋਂ ਪਹਿਲਾਂ ਵੀ ਟਰੰਪ ਵਿਸ਼ਵ ਸਿਹਤ ਸੰਗਠਨ 'ਤੇ ਚੀਨ ਦਾ ਪੱਖ ਲੈਣ ਤੇ ਸੱਚ ਲੁਕਾਉਣ ਵਿਚ ਸਾਥ ਦੇਣ ਦਾ ਦੋਸ਼ ਲਗਾ ਚੁੱਕੇ ਹਨ। ਟਰੰਪ ਨੇ ਦੋਸ਼ ਲਗਾਇਆ ਕਿ ਜਦੋਂ ਚੀਨ ਤੋਂ ਕੋਰੋਨਾ ਵਾਇਰਸ ਸੰਕਰਮਣ ਦੀ ਸ਼ੁਰੂਆਤ ਹੋਈ ਤਾਂ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਇਹ ਸੰਗਠਨ ਇਸ ਨੂੰ ਸੰਭਾਲਣ ਵਿਚ ਨਾਕਾਮਯਾਬ ਰਿਹਾ ਤੇ ਅਸਲੀ ਤਸਵੀਰ ਲੁਕਾਉਂਦਾ ਰਿਹਾ।ਟਰੰਪ ਨੇ ਡਬਲਿਊ. ਐੱਚ. ਓ. ਨੂੰ ਚੀਨ ਪ੍ਰਸਤ ਕਰਾਰ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਡਬਲਿਊ. ਐੱਚ. ਓ. ਨੂੰ ਹਰ ਸਾਲ 40 ਤੋਂ 50 ਕਰੋੜ ਡਾਲਰ ਦਿੰਦਾ ਹੈ, ਜਦੋਂ ਕਿ ਚੀਨ ਸਿਰਫ 4 ਕਰੋੜ ਡਾਲਰ ਹੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਬਲਿਊ. ਐੱਚ. ਓ. ਚੀਨ ਵਿਚ ਜਾ ਕੇ ਜ਼ਮੀਨੀ ਹਾਲਾਤ ਦੇਖਦਾ ਅਤੇ ਉੱਥੋਂ ਦੀ ਪਾਰਦਰਸ਼ਤਾ ਬਾਰੇ ਦੱਸਦਾ ਤਾਂ ਹੁਣ ਜਿਸ ਤਰ੍ਹਾਂ ਦੀ ਭਿਆਨਕ ਸਥਿਤੀ ਹੈ, ਉਹ ਕਦੇ ਨਾ ਹੁੰਦੀ। ਉਨ੍ਹਾਂ ਕਿਹਾ ਕਿ ਡਬਲਿਊ. ਐੱਚ. ਓ. ਨੂੰ ਇਸ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਵਿਚ ਡਬਲਿਊ. ਐੱਚ. ਓ. ਦੀ ਕੀ ਭੂਮਿਕਾ ਰਹੀ, ਇਸ ਦੀ ਸਮੀਖਿਆ ਕੀਤੀ ਜਾਵੇਗੀ। ਟਰੰਪ ਨੇ ਕਿਹਾ ਕਿ ਚੀਨੀ ਸਰਕਾਰ ਜੋ ਕਰਦੀ ਰਹੀ ਡਬਲਿਊ. ਐੱਚ. ਓ. ਵੀ ਉਸ ਦਾ ਪੱਖ ਲੈਂਦਾ ਰਿਹਾ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਨੂੰ ਲੈ ਕੇ ਖੁਦ ਵੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਯੂ. ਐੱਸ. ਵਿਚ ਕੋਰੋਨਾ ਵਾਇਰਸ ਕਾਰਨ 25, 239 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਰੀਜ਼ਾਂ ਦੀ ਗਿਣਤੀ 5.92 ਲੱਖ ਹੋ ਚੁੱਕੀ ਹੈ।