Saturday, November 23, 2024
 

ਰਾਸ਼ਟਰੀ

ਭਾਰਤ 'ਚ 3 ਮਈ ਤੱਕ ਰਹੇਗਾ ਲੌਕਡਾਊਨ, ਦਿਹਾੜੀਦਾਰਾਂ ਤੇ ਕਿਸਾਨਾਂ ਨੂੰ ਮਿਲੇਗੀ ਛੋਟ

April 14, 2020 10:35 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਇਸ ਤੋਂ ਦੁਨੀਆ ਭਰ ਦੇ ਦੇਸ਼ ਤੇ ਮਾਹਿਰ ਡਾਢੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਭਾਰਤ 'ਚ ਹੁਣ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਦੇਸ਼ ਦੇ ਜਿਹੜੇ ਇਲਾਕਿਆਂ ਵਿੱਚ ਕੋਰੋਨਾ ਦੇ ਮਾਮਲੇ ਘੱਟ ਹਨ ਤੇ ਜਿੱਥੋਂ ਦੇ ਲੋਕ ਵਧੇਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ, ਉੱਥੇ ਕੁਝ ਸੀਮਤ ਤੇ ਬਾਸ਼ਰਤ ਛੋਟਾਂ ਦਿੱਤੀਆਂ ਜਾਣਗੀਆਂ। ਮੋਦੀ ਨੇ ਕਿਹਾ ਕਿ ਦਿਹਾੜੀਦਾਰ ਮਜ਼ਦੂਰਾਂ ਤੇ ਹੋਰ ਕਾਮਿਆਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਛੋਟਾਂ ਦਿੱਤੀਆਂ ਜਾਣਗੀਆਂ ਪਰ ਜੇ ਕਿਸੇ ਨੇ ਇਨ੍ਹਾਂ ਛੋਟਾਂ ਦੀ ਉਲੰਘਣਾ ਕੀਤੀ, ਤਾਂ ਸਾਰੀਆਂ ਛੋਟਾਂ ਵਾਪਸ ਲੈ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਮਿਆਂ ਤੇ ਕਿਸਾਨਾਂ ਨੂੰ ਖ਼ਾਸ ਛੋਟ ਦਿੱਤੀ ਜਾਵੇਗੀ। ਮੋਦੀ ਨੇ ਕਿਹਾ ਕਿ ਕਿਸਾਨਾਂ ਲਈ  ਹੁਣ ਫ਼ਸਲਾਂ ਦੀ ਵਾਢੀ ਦਾ ਵੇਲਾ ਹੈ ਤੇ ਸਰਕਾਰ ਉਨ੍ਹਾਂ ਦੀਆਂ ਔਕੜਾਂ ਘਟਾਉਣ ਦੇ ਜਤਨ ਕਰ ਰਹੀ ਹੈ। ਮੋਦੀ ਨੇ ਘਰ ਵਿੱਚ ਬਜ਼ੁਰਗਾਂ ਦਾ ਧਿਆਨ ਰੱਖਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਕ ਦੂਰੀ ਦਾ ਵੀ ਖ਼ਿਆਲ ਰੱਖਣਾ ਜ਼ਰੂਰੀ ਹੈ। ਮਾਸਕ ਪਹਿਨਣੇ ਵੀ ਜ਼ਰੂਰੀ ਹੈ। ਰੋਗਾਂ ਨਾਲ ਲੜਨ ਦੀ ਸਰੀਰ ਦੀ ਸ਼ਕਤੀ ਵਧਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਆਪਣੇ ਮੋਬਾਇਲਾਂ ਵਿੱਚ 'ਆਰੋਗਯ ਸੇਤੂ' ਐਪ ਡਾਊਨਲੋਡ ਕਰਨੀ ਚਾਹੀਦੀ ਹੈ। ਮੋਦੀ ਨੇ ਕਿਹਾ  ਕਿ ਆਪਣੇ ਆਲੇ ਦੁਆਲੇ ਦੇ ਗ਼ਰੀਬ ਲੋਕਾਂ ਨੂੰ ਭੋਜਨ ਦੇਣ ਦਾ ਸੰਕਲਪ ਵੀ ਲਵੋ। ਉਨ੍ਹਾਂ ਸਮੂਹ ਅਦਾਰਿਆਂ ਨੂੰ ਵੀ ਕਿਹਾ ਕਿ ਕਿਸੇ ਨੂੰ ਵੀ ਨੌਕਰੀਆਂ ਤੋਂ ਨਾ ਕੱਢਿਆ ਜਾਵੇ। ਮੋਦੀ ਨੇ ਕਿਹਾ ਕਿ ਜਦੋਂ ਵੀ ਕਦੇ ਕੋਰੋਨਾ ਨਾਲ ਕਿਤੇ ਕੋਈ ਮੋਤ ਹੁੰਦੀ ਹੈ, ਤਾਂ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਹੋਵੇਗਾ। ਉੋਨ੍ਹਾਂ ਕਿਹਾ ਕਿ ਹੁਣ ਲੌਕਡਾਊਨ ਦੌਰਾਨ ਸਖ਼ਤੀ ਹੋਰ ਵੀ ਜ਼ਿਆਦਾ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਣੇ–ਕੋਣੇ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿੱਥੇ ਲੌਕਡਾਊਨ ਦੇ ਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਕਿੱਥੇ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕੋਰੋਨਾ–ਲੌਕਡਾਊਨ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਪਰ ਇਸ ਦੇ ਬਾਵਜੂਦ ਸਾਰੇ ਲੋਕ ਇਸ ਮਹਾਮਾਰੀ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਰੋਨਾ ਨੇ ਸਮੁੱਚੇ ਵਿਸ਼ਵ ਵਿੱਚ ਕਹਿਰ ਮਚਾਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲਾਗ ਰੋਕਣ ਲਈ ਭਾਰਤ ਵਿੱਚ ਜਿਹੋ ਜਿਹੇ ਉੱਦਮ ਕੀਤੇ ਗਏ ਹਨ, ਉਸ ਤੋਂ ਤੁਸੀਂ ਸਾਰੇ ਵਾਕਫ਼ ਹੋ ਤੇ ਤੁਸੀਂ ਇਸ ਵਿੱਚ ਸ਼ਾਮਲ ਰਹੇ ਹਨ। ਮੋਦੀ ਨੇ ਅੱਜ ਰਾਸ਼ਟਰ ਨੂੰ ਕੀਤੇ ਸੰਬੋਧਨ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਵੀ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਸਾਰੇ ਨਾਗਰਿਕਾਂ ਦਾ ਡਟਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ।  ਮੋਦੀ ਨੇ ਕਿਹਾ ਕਿ ਭਾਰਤ ਪੂਰੀ ਮਜ਼ਬੂਤੀ ਨਾਲ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਨਾਲ ਹੀ ਦੇਸ਼ ਇਸ ਘਾਤਕ ਵਾਇਰਸ ਨਾਲ ਲੜ ਸਕਿਆ ਹੈ। ਉਨ੍ਹਾਂ ਦੇਸ਼ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੇ ਨਾਗਰਿਕਾਂ ਨੇ ਆਪਣੇ ਦੇਸ਼ ਨੂੰ ਬਚਾਇਆ ਹੈ। ਮੋਦੀ ਨੇ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਇਸ ਵੇਲੇ ਬਹੁਤ ਸਾਰੇ ਦੇਸ਼ ਵਾਸੀ ਨਵੇਂ ਸਾਲ ਦੀ ਸ਼ੁਰੂਆਤ ਵੀ ਆਪਣੇ ਘਰਾਂ ’ਚ ਹੀ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਬਹੁਤ ਸਾਦਗੀ ਨਾਲ ਆਪਣੇ ਘਰਾਂ ’ਚ ਰਹਿ ਕੇ ਮਨਾ ਰਹੇ ਹਨ। ਉਨ੍ਹਾਂ ਇਸ ਲਈ ਸਮੂਹ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਬਹੁਤ ਪਹਿਲਾਂ ਹੀ ਕੋਰੋਨਾ ਨਾਲ ਜੰਗ ਲੜਨ ਦੇ ਉੱਦਮ ਸ਼ੁਰੂ ਕਰ ਦਿੱਤੇ ਸਨ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਮੈਡੀਕਲ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਦੋਂ ਹਾਲੇ ਭਾਰਤ ’ਚ ਸਿਰਫ਼ 550 ਕੋਰੋਨਾ ਮਰੀਜ਼ ਸਨ, ਤਦ ਹੀ ਦੇਸ਼ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਸੀ।  ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਜੰਗ ਵਿੱਚ ਭਾਰਤ ਬਹੁਤ ਸੰਭਲ਼ੀ ਹੋਈ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਵੱਡੇ–ਵੱਡੇ ਦੇਸ਼ਾਂ ਵਿੱਚ ਕੋਰੋਨਾ ਦੇ ਕੇਸ ਬਹੁਤ ਜ਼ਿਆਦਾ ਹਨ ਪਰ ਭਾਰਤ ’ਚ ਕੋਰੋਨਾ ਨੇ ਓਨਾ ਜਾਨੀ ਨੁਕਸਾਨ ਨਹੀਂ ਕੀਤਾ; ਜਿੰਨਾ ਕਿ ਹੋਰਨਾਂ ਦੇਸ਼ਾਂ ਵਿੱਚ ਹੋ ਚੁੱਕਾ ਹੈ। ਮੋਦੀ ਨੇ ਕਿਸੇ ਦੇਸ਼ ਦਾ ਨਾਂਅ ਨਹੀਂ ਲਿਆ।

 

Have something to say? Post your comment

 
 
 
 
 
Subscribe