ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਰਕਾਰ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਵੱਧ ਤੋਂ ਵੱਧ ਖ਼ੂਨ ਟੈਸਟ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ। ਰੋਜ਼ਾਨਾ ਟੈਸਟ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ 'ਚ ਫਿਲਹਾਲ ਵੱਧ ਗਿਣਤੀ 'ਚ ਟੈਸਟਿੰਗ ਕਿਟਾਂ ਨਹੀਂ ਹਨ। ਅਜਿਹੇ 'ਚ ਕੰਡੋਮ (Condom) ਬਣਾਉਣ ਵਾਲੀ ਇੱਕ ਸਰਕਾਰੀ ਕੰਪਨੀ ਹਿੰਦੁਸਤਾਨ ਲੈਟੇਕਸ ਲਿਮਟਿਡ (ਐਚਐਲਐਲ) ਨੂੰ ਕਿੱਟ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। 'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਦੇ ਅਨੁਸਾਰ ਕਿੱਟ ਬਣਾਉਣ ਦਾ ਕੰਮ ਸੋਮਵਾਰ ਤੋਂ ਸ਼ੁਰੂ ਹੋਵੇਗਾ। 1970 ਦੇ ਦਹਾਕੇ 'ਚ ਇਸ ਕੰਪਨੀ ਨੇ ਪਰਿਵਾਰ ਨਿਯੋਜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸ ਸਮੇਂ ਇਹ ਕੰਪਨੀ 'ਨਿਰੋਧ' ਦੇ ਨਾਂਅ ਤੋਂ ਕੰਡੋਮ ਬਣਾਉਂਦੀ ਸੀ। ਪਰ ਸਮੇਂ ਦੇ ਨਾਲ ਕੰਪਨੀ ਦਾ ਮਾਰਕੀਟ ਸ਼ੇਅਰ ਘੱਟਦਾ ਗਿਆ। ਤਿੰਨ ਸਾਲ ਪਹਿਲਾਂ ਐਚਐਲਐਲ ਦੇ ਨਿੱਜੀਕਰਨ ਦਾ ਮੁੱਦਾ ਵੀ ਉੱਠਿਆ ਸੀ। ਇਸ ਤੋਂ ਇਲਾਵਾ ਇਹ ਕੰਪਨੀ ਪਿਛਲੇ ਮਹੀਨੇ ਵੀ ਵਿਵਾਦਾਂ 'ਚ ਰਹੀ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਇਸ ਨੇ ਸਿਹਤ ਮੁਲਾਜ਼ਮਾਂ ਦੇ ਸੁਰੱਖਿਆ ਉਪਕਰਣ ਬਣਾਉਣ 'ਚ ਦੇਰੀ ਕੀਤੀ ਹੈ।
ਕੰਪਨੀ ਅਨੁਸਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਉਹ ਅਜਿਹੀ ਟੈਸਟਿੰਗ ਕਿੱਟ ਬਣਾ ਰਹੇ ਹਨ, ਜੋ ਸਿਰਫ਼ 15-20 ਮਿੰਟਾਂ ਵਿੱਚ ਨਤੀਜੇ ਦੇਵੇਗੀ। ਕੰਪਨੀ ਦੇ ਤਕਨੀਕੀ ਸੰਚਾਲਨ ਦੇ ਡਾਇਰੈਕਟਰ ਈਏ ਸੁਬਰਾਮਨੀਅਮ ਦੇ ਅਨੁਸਾਰ ਐਚਐਲਐਲ ਨੇ ਸਿਰਫ਼ ਇੱਕਮਹੀਨੇ ਵਿੱਚ ਇਹ ਕਿੱਟ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਕੰਪਨੀ ਟੀਬੀ, ਡੇਂਗੂ ਅਤੇ ਮਲੇਰੀਆ ਲਈ ਟੈਸਟਿੰਗ ਕਿੱਟਾਂ ਤਿਆਰ ਕਰ ਚੁੱਕੀ ਹੈ। ਐਚਐਲਐਲ ਨੂੰ ਇਸ ਸਮੇਂ ਸਰਕਾਰ ਵੱਲੋਂ 2 ਲੱਖ ਕਿੱਟਾਂ ਬਣਾਉਣ ਦਾ ਆਰਡਰ ਮਿਲਿਆ ਹੈ। ਹਰਿਆਣਾ ਦੇ ਮਨੇਸਰ ਪਲਾਂਟ ਵਿਖੇ ਰੋਜ਼ਾਨਾ 20 ਹਜ਼ਾਰ ਕਿੱਟਾਂ ਤਿਆਰ ਕਰਨ ਦਾ ਟੀਚਾ ਹੈ ਅਤੇ ਅਗਲੇ 10 ਦਿਨ 'ਚ ਇਹ ਆਰਡਰ ਪੂਰਾ ਕਰ ਦਿੱਤਾ ਜਾਵੇਗਾ। ਆਮ ਤੌਰ 'ਤੇ COVID-19 ਟੈਸਟ ਲਈ ਕਿੱਟ ਦੀ ਕੀਮਤ ਬਾਜ਼ਾਰ 'ਚ 700-800 ਰੁਪਏ ਹੁੰਦੀ ਹੈ, ਪਰ HLL ਆਪਣੀ ਕੀਮਤ ਸਿਰਫ਼ 350-400 ਦੇ ਵਿਚਕਾਰ ਰੱਖੇਗੀ। ਅਜਿਹੇ 'ਚ ਪਿਛਲੇ ਕਈ ਸਾਲਾਂ ਤੋਂ ਘਾਟੇ 'ਚ ਰਹਿਣ ਵਾਲੀ ਇਸ ਸਰਕਾਰੀ ਕੰਪਨੀ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੰਪਨੀ ਲਈ ਹਾਲਾਤ ਬਿਹਤਰ ਹੋਣਗੇ। ਦੱਸ ਦੇਈਏ ਕਿ ਟੈਸਟਿੰਗ ਕਿਟਾਂ ਲਈ ਭਾਰਤ ਪਹਿਲਾਂ ਹੀ ਕਈ ਚੀਨੀ ਕੰਪਨੀਆਂ ਨੂੰ ਆਰਡਰ ਦੇ ਚੁੱਕਾ ਹੈ। ਸਰਕਾਰ ਨੂੰ ਉਮੀਦ ਹੈ ਕਿ ਅਗਲੇ ਕੁਝ ਦਿਨਾਂ 'ਚ ਵੱਡੇ ਪੱਧਰ ‘ਤੇ ਕੋਰੋਨਾ ਟੈਸਟ ਕੀਤੇ ਜਾਣਗੇ।