ਚਮਕੌਰ ਦੀ ਗੜੀ ਵਿੱਚ ਦੋਵੇਂ ਸਾਹਿਬਜ਼ਾਦੇ ਲੱਖਾਂ ਦੀ ਫੌਜ ਦਾ ਸਾਹਮਣਾ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ। ਓਧਰ ਉਸੇ ਦਿਨ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਗੰਗੂ ਬ੍ਰਾਹਮਣ ਨੇ ਲਾਲਚ ਵੱਸ ਹੋ ਕੇ ਗ੍ਰਿਫ਼ਤਾਰ ਕਰ ਦਿੱਤਾ। ਦਰਅਸਲ ਜਦੋਂ ਮਾਤਾ ਗੁਜਰੀ ਨਾਲ ਛੋਟੇ ਸਾਹਿਬਜ਼ਾਦੇ ਗੰਗੂ ਦੇ ਘਰ ਬੇਫਿਕਰ ਸੁੱਤੇ ਹੋਏ ਸਨ ਤਾਂ ਉਦੋਂ ਉਸ ਨੇ ਮਾਤਾ ਗੁਜਰੀ ਕੋਲ ਪਏ ਕੀਮਤੀ ਗਹਿਣਿਆਂ ਦੀ ਖੁਰਜੀ ਨੂੰ ਚੋਰੀ ਕਰ ਲਿਆ। ਆਪਣੀ ਬੇਸ਼ਰਮੀ ਨੂੰ ਲੁਕਾਉਂਣ ਲਈ ਤੇ ਇਨਾਮ ਦੇ ਲਾਲਚ ਵਿੱਚ ਉਸ ਨੇ ਮੋਰਿੰਡੇ ਕੋਤਵਾਲੀ ਵਿੱਚ ਜਾ ਸੂਹ ਦੇ ਦਿੱਤੀ। ਓਧਰ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਕੇ ਇਤਿਹਾਸ ਦਾ ਸੁਨਿਹਰੀ ਪੰਨਾ ਲਿਖ ਗਏ ਸਨ ਇਧਰ ਛੋਟੇ ਸਾਹਿਬਜ਼ਾਦੇ ਵੀ ਉਸੇ ਇਤਿਹਾਸ ਦੇ ਅਗਲੇ ਪੰਨੇ ‘ਤੇ ਆਪਣੀ ਦਸਤਕ ਦੇਣ ਲਈ ਤੁਰ ਪਏ।
ਜਾਲਮਾਂ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰ ਇੱਕ ਬੈਲ ਗੱਡੀ ਵਿੱਚ ਉਨ੍ਹਾਂ ਨੂੰ ਸਰਹਿੰਦ ਲੈ ਜਾਇਆ ਗਿਆ। ਅੱਜ ਕੱਲ੍ਹ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਅਸਥਾਨ ਹੈ ਇਸੇ ਅਸਥਾਨ ਉੱਤੇ ਸਰਹਿੰਦ ਦੇ ਨਵਾਬ ਦਾ ਵੱਡਾ ਕਿਲ੍ਹਾ ਹੁੰਦਾ ਸੀ। ਉਸ ਵਿੱਚ ਵੱਡੇ ਵੱਡੇ ਬੁਰਜ ਵੀ ਸਨ। ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਡਰਾਉਣ ਦੇ ਮਕਸਦ ਨਾਲ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਠੰਢਾ ਬੁਰਜ ਅਤਿ ਠੰਢਾ ਸੀ।
ਅੱਜ ਵੀ ਦਸਬੰਰ ਦੇ ਦਿਨ ਬੰਦੇ ਨੂੰ ਬਰਫ ਦੀ ਨਿਆਈ ਬਣਾ ਦਿੰਦੇ ਹਨ। ਦਸਬੰਰ ਵਿੱਚ ਤਾਂ ਹਰ ਵੇਲ੍ਹੇ ਸੀਤ ਲਹਿਰ ਚੱਲਦੀ ਰਹਿੰਦੀ ਹੈ। ਰਜਾਈਆਂ ਵਿਚੋਂ ਬਾਹਰ ਨਿਕਲਣ ਨੂੰ ਕਿਸੇ ਦਾ ਮਨ ਨਹੀਂ ਕਰਦਾ। ਉਲਟ ਰਜਾਈਆਂ ਦਸਬੰਰ ਦੀ ਠੰਢ ਨੂੰ ਰੋਕਣ ਵਿੱਚ ਵੀ ਅਸਮਰਥ ਹੁੰਦੀਆਂ ਹਨ। ਅਜਿਹੇ ਵਿੱਚ ਬਿਰਧ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਕਿੰਨੀ ਠੰਢ ਨਾਲ ਜੁਝਣਾ ਪਿਆ ਹੋਣਾ? ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਮਾਤਾ ਗੁਜਰੀ ਨੇ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਢ ਤੋਂ ਬਚਾਇਆ ਹੋਣਾ? ਪੰਜ ਤੇ ਸੱਤ ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਠੰਢ ਨੇ ਬਹੁਤ ਸਤਾਇਆ ਹੋਣਾ। ਉਨ੍ਹਾਂ ਦੇ ਨੰਨ੍ਹੇ ਸਰੀਰ ਠੰਢ ਨਾਲ ਕਿੰਨੇ ਕੰਬੇ ਹੋਣਗੇ? ਉਨ੍ਹਾਂ ਨੇ ਕਿਵੇਂ ਤਿੰਨ ਰਾਤਾਂ ਉਸ ਠੰਢੇ ਬੁਰਜ ਵਿੱਚ ਕੱਟੀਆਂ ਹੋਣੀਆਂ? ਇਹ ਬਿਆਨ ਕਰਨਾ ਹੀ ਬੜਾ ਔਖਾ ਹੈ ।