ਨੋਇਡਾ ਦੀ ਇਕ ਸੁਸਾਇਟੀ ਵਿਚ ਇਕ 20 ਸਾਲਾ ਨੌਕਰਾਣੀ ਨੂੰ ਛੁਡਵਾਇਆ ਗਿਆ ਹੈ, ਜਿੱਥੇ ਉਸ ਨੂੰ ਕਥਿਤ ਤੌਰ 'ਤੇ ਮਕਾਨ ਮਾਲਕਣ ਵੱਲੋਂ ਲਗਭਗ ਦੋ ਮਹੀਨਿਆਂ ਤੱਕ ਬੰਧਕ ਬਣਾਇਆ ਗਿਆ ਸੀ ਅਤੇ ਤਸੀਹੇ ਦਿੱਤੇ ਜਾ ਰਹੇ ਸਨ।
ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਲਕਣ ਸ਼ੈਫਾਲੀ ਕੌਲ ਵਕੀਲ ਹੈ ਅਤੇ ਸੈਕਟਰ 121 ਸਥਿਤ ਸੁਸਾਇਟੀ ਵਿੱਚ ਰਹਿੰਦੀ ਹੈ। ਕੌਲ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਫੇਜ਼-3 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਵਾਲੇ ਪੀੜਤ ਦੇ ਪਿਤਾ ਅਨੁਸਾਰ ਉਸ ਦੀ ਲੜਕੀ ਦਾ ਕੌਲ ਨਾਲ ਛੇ ਮਹੀਨਿਆਂ ਦਾ ਸਮਝੌਤਾ ਸੀ, ਜੋ 31 ਅਕਤੂਬਰ ਨੂੰ ਖ਼ਤਮ ਹੋ ਗਿਆ ਸੀ।
ਪਿਤਾ ਨੇ ਦੱਸਿਆ ਕਿ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਉਸ ਦੀ ਬੇਟੀ ਨੌਕਰੀ ਛੱਡਣਾ ਚਾਹੁੰਦੀ ਸੀ ਪਰ ਉਸ ਨੇ ਉਸ ਨੂੰ ਜਾਣ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਔਰਤ ਨੇ ਉਸ ਦੀ ਧੀ ਨੂੰ ਆਪਣੇ ਘਰ ਬੰਧਕ ਬਣਾ ਲਿਆ, ਜਿੱਥੇ ਉਸ ਨਾਲ ਕੁੱਟਮਾਰ ਕੀਤੀ ਗਈ।
ਵਾਇਰਲ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਾਲਕਣ ਘਰੇਲੂ ਨੌਕਰਾਣੀ ਨੂੰ ਕੰਮ ਕਰਵਾਉਣ ਲਈ ਲਿਫਟ 'ਚ ਕੁੱਟਣ ਤੋਂ ਬਾਅਦ ਆਪਣੇ ਘਰ ਲੈ ਜਾ ਰਹੀ ਹੈ। ਇਸ ਦੌਰਾਨ ਪੀੜਤ ਔਰਤ ਆਪਣੀ ਮਾਲਕਣ ਦੇ ਸਾਹਮਣੇ ਹੱਥ ਜੋੜ ਰਹੀ ਹੈ ਅਤੇ ਇਸ ਦੇ ਬਾਵਜੂਦ ਔਰਤ ਨੌਕਰਾਣੀ ਨੂੰ ਕੁੱਟਦੇ ਹੋਏ ਲਿਫਟ 'ਚ ਲੈ ਜਾ ਰਹੀ ਹੈ। ਇਹ ਘਟਨਾ ਲਿਫਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।