ਨਵੀਂ ਦਿੱਲੀ: ਮੈਲਬੋਰਨ ਦੇ ਖੇਡ ਮੈਦਾਨ 'ਚ ਖੇਡੇ ਗਏ ਫਾਈਨਲ ਮੈਚ 'ਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੇ ਸਾਹਮਣੇ 138 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਸ ਨੇ 19 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ ਬੇਨ ਸਟੋਕਸ ਨੇ 52 ਦੌੜਾਂ ਬਣਾਈਆਂ ਅਤੇ ਅੰਤ ਤੱਕ ਆਊਟ ਨਹੀਂ ਹੋਏ। ਸਟੋਕਸ ਤੋਂ ਇਲਾਵਾ ਜੋਸ ਬਟਲਰ ਨੇ 26 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ 8 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ।
ਪਾਕਿਸਤਾਨ ਲਈ ਸ਼ਾਨ ਮਸੂਦ ਨੇ ਸਭ ਤੋਂ ਵੱਧ 38 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਬਾਬਰ ਆਜ਼ਮ ਨੇ 32 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਲਈ ਸੈਮ ਕੁਰਨ ਨੇ 3 ਵਿਕਟਾਂ ਲੈ ਕੇ ਪਾਕਿਸਤਾਨ ਦੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ।
ਇਸ ਜਿੱਤ ਨਾਲ ਇੰਗਲੈਂਡ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ ਅਤੇ ਉਸ ਨੇ ਇਸ ਮਾਮਲੇ ਵਿਚ ਵੈਸਟਇੰਡੀਜ਼ ਦੀ ਬਰਾਬਰੀ ਕਰ ਲਈ ਹੈ।
ਇਸ ਤੋਂ ਪਹਿਲਾਂ ਇੰਗਲੈਂਡ ਨੇ 2010 'ਚ ਪਾਲ ਕਾਲਿੰਗਵੁੱਡ ਦੀ ਕਪਤਾਨੀ 'ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਹ ਵਿਸ਼ਵ ਕੱਪ ਵੈਸਟਇੰਡੀਜ਼ ਵਿੱਚ ਹੋਇਆ ਸੀ। ਅਜਿਹਾ ਕਰਨ ਵਾਲੀ ਇਹ ਪਹਿਲੀ ਗੈਰ-ਏਸ਼ਿਆਈ ਟੀਮ ਬਣ ਗਈ ਹੈ।