ਚੰਡੀਗੜ੍ਹ: ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਚਾਲੂ ਮਾਲੀ ਵਰ੍ਹੇ ਦੌਰਾਨ ਜੀਐੱਸਟੀ ਵਸੂਲੀ ਵਿਚ 22.6 ਫ਼ੀਸਦੀ ਵਾਧਾ ਹੋਇਆ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਮੌਕੇ ਜੀਐੱਸਟੀ ਵਸੂਲੀ ਵਿਚ ਹੋਰ ਵਾਧਾ ਹੋਣ ਦੇ ਇਹ ਸਪੱਸ਼ਟ ਸੰਕੇਤ ਹਨ।
ਚੀਮਾ ਨੇ ਕਿਹਾ ਕਿ ਜੀਐੱਸਟੀ ਲਾਗੂ ਹੋਣ ਮਗਰੋਂ ਪਹਿਲੀ ਦਫ਼ਾ ਛੇ ਮਹੀਨਿਆਂ ਵਿੱਚ ਜੀਐੱਸਟੀ ਵਸੂਲੀ ਦਾ ਅੰਕੜਾ 10 ਹਜ਼ਾਰ ਕਰੋੜ ਨੂੰ ਪਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਨੇ ਚਾਲੂ ਵਿੱਤੀ ਸਾਲ ਦੌਰਾਨ 10604 ਕਰੋੜ ਰੁਪਏ ਜੀਐੱਸਟੀ ਵਜੋਂ ਵਸੂਲੇ ਹਨ। ਪਿਛਲੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 8650 ਕਰੋੜ ਰੁਪਏ ਦੀ ਜੀਐੱਸਟੀ ਉਗਰਾਹੀ ਹੋਈ ਸੀ ਜਦਕਿ ਮੌਜੂਦਾ ਸਾਲ ਦੌਰਾਨ ਸੂਬੇ ਨੇ ਕੁੱਲ 10604 ਕਰੋੜ ਰੁਪਏ ਦੀ ਜੀਐੱਸਟੀ ਉਗਰਾਹੀ ਨਾਲ 1954 ਕਰੋੜ ਰੁਪਏ ਹੋਰ ਕਮਾਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਜੀਐੱਸਟੀ ਵਸੂਲੀ ਵਿੱਚ 22.6 ਫ਼ੀਸਦੀ ਦੀ ਵਾਧਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਸਤੰਬਰ 2022 ਦੇ ਜੀਐੱਸਟੀ ਦੇ ਅੰਕੜਿਆਂ ਦਾ ਖ਼ੁਲਾਸਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ 1402 ਕਰੋੜ ਰੁਪਏ ਦੀ ਵਸੂਲੀ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਜੀਐਸਟੀ ਵਸੂਲੀ 1710 ਕਰੋੜ ਰੁਪਏ ਰਹੀ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2022-23 ਲਈ ਆਪਣੇ ਪਹਿਲੇ ਬਜਟ ਵਿੱਚ 20, 550 ਕਰੋੜ ਰੁਪਏ ਦੀ ਜੀਐੱਸਟੀ ਉਗਰਾਹੀ ਦਾ ਅਨੁਮਾਨ ਲਗਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਨੇ ਪਹਿਲੇ ਛੇ ਮਹੀਨਿਆਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਪ੍ਰਾਪਤੀ ਕੀਤੀ ਹੈ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜੀਐਸਟੀ ਦੀ ਉਗਰਾਹੀ ਵਿੱਚ ਚੰਗੇ ਵਾਧੇ ਦੀ ਉਮੀਦ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਅਲੀ ਬਿਲਿੰਗ ਨੂੰ ਰੋਕਣ ਦੇ ਨਾਲ-ਨਾਲ ਸਾਰੀਆਂ ਖ਼ਾਮੀਆਂ ਨੂੰ ਦੂਰ ਕਰਨ ਲਈ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2022 ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਵਪਾਰੀਆਂ ਨੂੰ ਫ਼ਾਇਦਾ ਹੋਵੇਗਾ ਸਗੋਂ ਸੂਬੇ ਦੇ ਆਪਣੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।