ਨਵੀਂ ਦਿੱਲੀ : ਬੀਤੇ ਦਿਨੀਂ ਨਿਹੰਗ ਸਿੰਘ ਖਾਲਸਾ ਦਲ (ਸ਼੍ਰੋਮਣੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ) ਦੇ ਜਥੇ ਵੱਲੋਂ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਨਿਹੰਗ ਸਿੰਘਾਂ ਨੇ ਲਾਲਪੁਰਾ ਨੂੰ ਜਾਤ-ਪਾਤ ’ਤੇ ਆਧਾਰਿਤ ਲੰਗਰਾਂ ’ਚ ਲੱਗਦੀਆਂ ਵੱਖਰੀਆਂ ਪੰਗਤਾਂ ਬਾਬਤ ਜਾਣੂ ਕਰਵਾਇਆ ਤੇ ਇਸ ਬਾਬਤ ਇਕ ਮੰਗ-ਪੱਤਰ ਸੌਂਪਿਆ। ਸਿੰਘਾਂ ਨੇ ਦੱਸਿਆ ਕਿ ਦਸਮ ਪਿਤਾ ਨੇ ਖਾਲਸਾ ਪੰਥ ਇਸ ਲਈ ਸਾਜਿਆ ਸੀ ਕਿ ਜਾਤ-ਪਾਤ ਨੂੰ ਖ਼ਤਮ ਕਰਕੇ ਊਚ-ਨੀਚ ਦਾ ਫ਼ਰਕ ਖ਼ਤਮ ਕੀਤਾ ਜਾ ਸਕੇ ਪਰ ਅਜੋਕੇ ਸਮੇਂ ’ਚ ਕੁਝ ਅਖੌਤੀ ਜਥੇਬੰਦੀਆਂ ਅਤੇ ਸੰਪਰਦਾਵਾਂ ਜਾਤਾਂ-ਪਾਤਾਂ ਦੇ ਆਧਾਰ ’ਤੇ ਅੰਮ੍ਰਿਤ ਦੇ ਦੋ ਬਾਟੇ ਤਿਆਰ ਕਰਦੀਆਂ ਹਨ, ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਲੰਗਰ ਦੀਆਂ ਦੋ ਵੱਖ-ਵੱਖ ਪੰਗਤਾਂ ਲਾਈਆਂ ਜਾਂਦੀਆਂ ਹਨ, ਜਿਸ ਨਾਲ ਸਿੱਖੀ ਸਿਧਾਂਤਾਂ ਨੂੰ ਢਾਅ ਲੱਗਦੀ ਹੈ ਤੇ ਜਾਤ-ਪਾਤ ਦੇ ਸਮਾਜਿਕ ਕੋਹੜ ਨਾਲ ਸਿੱਖ ਧਰਮ ਨਿਘਾਰ ਵੱਲ ਨੂੰ ਵਧਦਾ ਜਾ ਰਿਹਾ ਹੈ। ਉਨ੍ਹਾਂ ਲਾਲਪੁਰਾ ਤੋਂ ਇਸ ਸਮੱਸਿਆ ਦੇ ਹੱਲ ਹਿੱਤ ਠੋਸ ਉਪਰਾਲਾ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀਆਂ ’ਚ ਮਲਕੀਤ ਸਿੰਘ, ਬਾਬਾ ਨਿਹਾਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਅੰਗਰੇਜ ਸਿੰਘ, ਜਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਨਿਹੰਗ ਸਿੰਘ ਲਾਲਪੁਰਾ ਨੂੰ ਮਿਲਣ ਪੁੱਜੇ।
ਇਕਬਾਲ ਸਿੰਘ ਲਾਲਪੁਰਾ ਜੋ ਖੁਦ ਇਕ ਉੱਘੇ ਸਿੱਖ ਵਿਦਵਾਨ ਹਨ, ਵੱਲੋਂ ਬਿਨਾਂ ਦੇਰੀ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਸਕੱਤਰ ਦੇ ਲਿਖਤੀ ਰੂਪ ’ਚ ਧਿਆਨ ’ਚ ਲਿਆਂਦਾ, ਜਿਸ ’ਚ ਉਨ੍ਹਾਂ ਸਿੱਖੀ ਸਿਧਾਂਤਾਂ ਅਤੇ ਗੁਰੂ ਸਾਹਿਬ ਦੇ ਹੁਕਮ ‘ਜਾਣਹੁ ਜੋਤਿ ਨ ਪੁਛਹੁ ਜਾਤੀ, ਆਗੈ ਜਾਤਿ ਨ ਹੇ।’, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ}’ ਦਾ ਜ਼ਿਕਰ ਕੀਤਾ। ਉਨ੍ਹਾਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਸਿੱਖ ਜਗਤ ਜਾਤ-ਪਾਤ ਵਰਗੀਆਂ ਕੁਰੀਤੀਆਂ ਨੂੰ ਮਾਨਤਾ ਨਹੀਂ ਦਿੰਦਾ ਤੇ ਕੌਮੀ ਘੱਟਗਿਣਤੀ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਇਸ ਗੰਭੀਰ ਮਸਲੇ ’ਤੇ ਯੋਗ ਕਦਮ ਚੁੱਕਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਆਰੰਭ ਕਰਕੇ ਇਕ ਮਹੀਨੇ ਦੇ ਅੰਦਰ-ਅੰਦਰ ਇਸ ਦੀ ਰਿਪੋਰਟ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ।