ਚੰਡੀਗੜ੍ਹ : ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿੱਚ ਪੜ੍ਹਦੀਆਂ 60 ਤੋਂ ਵੱਧ ਵਿਦਿਆਰਥਣਾਂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਵਿਦਿਆਰਥੀਆਂ ਦਾ ਧਰਨਾ ਦੁਪਹਿਰ 1.30 ਵਜੇ ਸਮਾਪਤ ਹੋ ਗਿਆ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਅਤੇ ਮੁਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਯੂਨੀਵਰਸਿਟੀ ਨੇ ਹੁਣ 24 ਸਤੰਬਰ ਤੱਕ ਨਾਨ-ਟੀਚਿੰਗ ਡੇਅ ਐਲਾਨ ਦਿੱਤਾ ਹੈ। ਇਸ ਮਾਮਲੇ ਤੋਂ ਘਬਰਾ ਕੇ ਲੜਕੀਆਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਮਾਪੇ ਆਪਣੀਆਂ ਧੀਆਂ ਨੂੰ ਲੈਣ ਲਈ ਸਵੇਰੇ ਹੀ ਪਹੁੰਚ ਗਏ।
ਹਿਮਾਚਲ ਪੁਲਿਸ ਨੇ ਦੇਰ ਰਾਤ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚ ਜਿਸ ਨੌਜਵਾਨ ਦੀ ਤਸਵੀਰ ਲੜਕੀ ਨੇ ਦਿਖਾਈ ਸੀ, ਉਹ ਸ਼ਿਮਲਾ ਦੇ ਧਾਲੀ ਤੋਂ ਫੜਿਆ ਗਿਆ ਸੀ। ਉਸਦਾ ਨਾਮ ਰੰਕਜ ਵਰਮਾ ਹੈ। ਜਦਕਿ ਦੂਜੇ ਦੋਸ਼ੀ ਸੰਨੀ ਮਹਿਤਾ ਨੂੰ ਰੋਹੜੂ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ। ਲੜਕੀ ਵੀ ਸ਼ਿਮਲਾ ਦੇ ਰੋਹੜੂ ਦੀ ਰਹਿਣ ਵਾਲੀ ਹੈ। ਉਹ ਲੜਕਿਆਂ ਨੂੰ ਲੰਬੇ ਸਮੇਂ ਤੋਂ ਜਾਣਦੀ ਹੈ।
ਦੇਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੰਨੀ (23 ਸਾਲ) ਇੱਕ ਬੇਕਰੀ ਵਿੱਚ ਕੰਮ ਕਰਦਾ ਹੈ, ਜਦੋਂ ਕਿ ਰੰਕਜ (31 ਸਾਲ) ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਰੰਕਜ ਮੂਲ ਰੂਪ ਵਿੱਚ ਥੀਓਗ ਦੇ ਸੰਧੂ ਖੇਤਰ ਦਾ ਰਹਿਣ ਵਾਲਾ ਹੈ। ਹੁਣ ਉਨ੍ਹਾਂ ਕੋਲੋਂ ਵੀਡੀਓ ਮੰਗਵਾਉਣ ਅਤੇ ਵਾਇਰਲ ਕਰਨ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾਵੇਗੀ।