ਮੇਰਠ : ਬਸਪਾ ਮੁਖੀ ਮਾਇਆਵਤੀ ਨੇ ਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਪੂਰੀ ਤਿਆਰੀ ਦੇ ਬਿਨਾਂ ਨੋਟਬੰਦੀ ਅਤੇ ਜੀਐਸਟੀ ਨੂੰ ਲਾਗੂ ਕੀਤਾ ਸੀ ਜਿਸ ਨਾਲ ਦੇਸ਼ ਵਿਚ ਗ਼ਰੀਬੀ ਅਤੇ ਬੇਰੁਜ਼ਗਾਰੀ ਹੋਰ ਵਧ ਗਈ। ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸੇ ਕਾਰਨ ਭਾਜਪਾ ਦਾ ਜਾਣਾ ਤੈਅ ਹੈ। ਉਨ੍ਹਾਂ ਮੋਦੀ ਦੀ 'ਮੈਂ ਵੀ ਚੌਕੀਦਾਰ' ਮੁਹਿੰਮ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਚੌਕੀਦਾਰ ਦੀ ਨਾਟਕਬਾਜ਼ੀ ਵੀ ਭਾਜਪਾ ਨੂੰ ਯੂਪੀ ਵਿਚ ਨਹੀਂ ਜਿਤਾ ਸਕੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਦੀ ਭੀੜ ਵੇਖ ਕੇ ਭਾਜਪਾ ਵਾਲੇ ਨਮੋ ਨਮੋ ਕਰਨਾ ਭੁੱਲ ਜਾਣਗੇ। ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਥੋਂ ਦੇ ਲੋਕ ਹੁਣ ਗਠਜੋੜ ਦੇ ਉਮੀਦਵਾਰਾਂ ਨੂੰ ਰੀਕਾਰਡ ਵੋਟਾਂ ਨਾਲ ਜਿਤਾਉਣਗੇ ਅਤੇ ਭਾਜਪਾ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ ਮਾਇਆਵਤੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਦਲਿਤ, ਘੱਟਗਿਣਤੀਆਂ 'ਤੇ ਅਤਿਆਚਾਰ ਹੋ ਰਿਹਾ ਹੈ ਖ਼ਾਸਕਰ ਜਿਹੜੇ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ, ਉਥੇ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਨੋਟਬੰਦੀ ਅਤੇ ਜੀਐਸਟੀਨਰਿੰ ਨੂੰ ਪੂਰੀ ਤਿਆਰੀ ਬਿਨਾਂ ਲਾਗੂ ਕੀਤਾ ਜਿਸ ਨਾਲ ਦੇਸ਼ ਵਿਚ ਉਕਤ ਸਮੱਸਿਆਵਾਂ ਵਧ ਗਈਆਂ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰੀ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਹੱਦਾਂ ਸੁਰੱਖਿਅਤ ਨਹੀਂ ਰਹੀਆਂ। (ਏਜੰਸੀ)