ਅਹਿਮਦਾਬਾਦ : ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀ ਸਾਂਝੀ ਟੀਮ ਨੇ ਪੱਛਮੀ ਬੰਗਾਲ ਦੀ ਕੋਲਕਾਤਾ ਬੰਦਰਗਾਹ ਕੋਲੋਂ ਇਕ ਕੰਟੇਨਰ ’ਚੋਂ 39.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ 198 ਕਰੋੜ ਰੁਪਏ ਦੱਸੀ ਜਾਂਦੀ ਹੈ। ਗੁਜਰਾਤ ਪੁਲਿਸ ਦੇ ਡਾਇਰੈਕਟਰ ਜਨਰਲ ਆਸ਼ੀਸ਼ ਭਾਟੀਆ ਨੇ ਕਿਹਾ ਕਿ ਹੈਰੋਇਨ 12 ਗਿਅਰ ਬਾਕਸਾਂ ਅੰਦਰ ਛੁਪਾਈ ਗਈ ਸੀ ਜੋ ਦੁਬਈ ਦੀ ਜੇਬਲ ਅਲੀ ਬੰਦਰਗਾਹ ਤੋਂ ਸ਼ਿਿਪੰਗ ਕੰਟੇਨਰਾਂ ਵਿੱਚ ਭੇਜੇ ਗਏ 7, 220 ਕਿਲੋ ਮੈਟਲ ਸਕ੍ਰੈਪ ਦਾ ਹਿੱਸਾ ਸੀ।
ਭਾਟੀਆ ਨੇ ਕਿਹਾ ਕਿ ਗੁਜਰਾਤ ਏ. ਟੀ. ਐੱਸ. ਨੂੰ ਮਿਲੀ ਖਾਸ ਸੂਚਨਾ ਦੇ ਆਧਾਰ ’ਤੇ ਏ. ਟੀ. ਐੱਸ. ਅਤੇ ਡੀ.ਆਰ.ਆਈ. ਦੇ ਅਧਿਕਾਰੀਆਂ ਦੀ ਇਕ ਸਾਂਝੀ ਟੀਮ ਨੇ ਕੁਝ ਦਿਨ ਪਹਿਲਾਂ ਕੋਲਕਾਤਾ ਬੰਦਰਗਾਹ ’ਤੇ ਛਾਪਾ ਮਾਰਿਆ ਸੀ। ਉੱਥੇ ਉਨ੍ਹਾਂ ਦਾ ਧਿਆਨ ਦੁਬਈ ਤੋਂ ਪਹੁੰਚੇ ਇੱਕ ਕੰਟੇਨਰ ਵੱਲ ਗਿਆ ਸੀ। ਮੈਟਲ ਸਕ੍ਰੈਪ ਦੇ ਮਿਲੇ 36 ਗਿਅਰ ਬਾਕਸਾਂ ’ਚੋਂ 12 ’ਤੇ ਚਿੱਟੀ ਸਿਆਹੀ ਦੇ ਨਿਸ਼ਾਨ ਸਨ। ਇਨ੍ਹਾਂ ਗਿਅਰ ਬਾਕਸਾਂ ਨੂੰ ਖੋਲ੍ਹਣ ’ਤੇ ਚਿੱਟੇ ਪਾਊਡਰ ਦੇ 72 ਪੈਕੇਟ ਮਿਲੇ। ਫੋਰੈਂਸਿਕ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਕਿ ਪੈਕੇਟਾਂ ਵਿੱਚ 39.5 ਕਿਲੋਗ੍ਰਾਮ ਹੈਰੋਇਨ ਸੀ।