ਜੇ ਧਾਰਾ ਖ਼ਤਮ ਹੋਈ ਤਾਂ ਕਸ਼ਮੀਰ ਵਿਚ ਕੌਮੀ ਝੰਡਾ ਲਹਿਰਾਉਣ ਵਾਲਾ ਕੋਈ ਨਹੀਂ ਹੋਵੇਗਾ
ਸ੍ਰੀਨਗਰ : ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਨਾਲ ਜੰਮੂ ਕਸ਼ਮੀਰ ਦੀ ਜਨਤਾ ਲਈ 'ਆਜ਼ਾਦੀ' ਦਾ ਰਾਹ ਸਾਫ਼ ਹੋ ਜਾਵੇਗਾ ਅਤੇ ਭਾਜਪਾ ਨੂੰ ਦਿਲਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾਕਿ ਤੋੜਨ ਦੀ। ਅਬਦੁੱਲਾ ਨੇ ਭਾਜਪਾ ਦੇ ਚੋਣ ਮਨੋਰਥ ਪੱਤਰ ਦੇ ਸੰਦਰਭ ਵਿਚ ਇਹ ਗੱਲ ਕਹੀ, ਜਿਸ ਵਿਚ ਧਾਰਾ 370 ਖ਼ਤਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ ਗਈ ਹੈ। ਇਹ ਧਾਰਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ। ਸ੍ਰੀਨਗਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਅਬਦੁੱਲਾ ਨੇ ਚੋਣ ਰੈਲੀ ਵਿਚ ਕਿਹਾ, 'ਉਹ ਧਾਰਾ 370 ਖ਼ਤਮ ਕਰਨ ਦੀ ਗੱਲ ਕਰਦੇ ਹਨ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਰਲੇਵਾਂ ਵੀ ਨਹੀਂ ਰਹੇਗਾ। ਅੱਲਾ ਕਸਮ, ਮੈਨੂੰ ਇਹ ਖ਼ੁਦਾ ਦੀ ਇੱਛਾ ਲਗਦੀ ਹੈ ਕਿ ਸਾਨੂੰ ਉਨ੍ਹਾਂ ਤੋਂ ਆਜ਼ਾਦੀ ਮਿਲ ਜਾਵੇਗੀ।' ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਇਹ ਧਾਰਾ ਖ਼ਤਮ ਹੋ ਜਾਂਦੀ ਹੈ ਤਾਂ ਕਸ਼ਮੀਰ ਵਿਚ ਕੋਈ ਕੌਮੀ ਝੰਡਾ ਲਹਿਰਾਉਣ ਵਾਲਾ ਨਹੀਂ ਹੋਵੇਗਾ। ਉਨ੍ਹਾਂ ਕਿਹਾ, 'ਉਨ੍ਹਾਂ ਨੂੰ ਕਰ ਲੈਣ ਦਿਉ, ਅਸੀਂ ਵੇਖ ਲਵਾਂਗੇ। ਮੈਂ ਵੇਖਾਂਗਾ ਕਿ ਇਥੇ ਉਨ੍ਹਾਂ ਦਾ ਝੰਡਾ ਲਹਿਰਾਉਣ ਲਈ ਕੌਣ ਤਿਆਰ ਹੈ। ਇਸ ਲਈ ਅਜਿਹਾ ਨਾ ਕਰੋ ਜਿਸ ਨਾਲ ਸਾਡੇ ਦਿਲ ਟੁੱਟ ਜਾਣ। ਦਿਲ ਜੋੜਨ ਦੀ ਕੋਸ਼ਿਸ਼ ਕਰੋ, ਤੋੜਨ ਦੀ ਨਹੀਂ।'