ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਘਰ ਰੇਡ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਬੀਜੇਪੀ ਵਿਚਾਲੇ ਘਮਾਸਾਨ ਵਧਦਾ ਜਾ ਰਿਹਾ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪਹਿਲਾਂ ਲੋਕਾਂ ਦੇ ਟੈਕਸ ਦਾ ਪੈਸਾ ਸਕੂਲ, ਹਸਪਤਾਲ, ਸੜਕ, ਬਿਜਲੀ, ਪਾਣੀ ਆਦਿ ਵਰਗੀਆਂ ਲੋਕਾਂ ਨੂੰ ਸਹੂਲਤਾਂ ਦੇਣ ‘ਤੇ ਖਰਚ ਹੁੰਦਾ ਸੀ। ਹੁਣ ਜਨਤਾ ਦੇ ਟੈਕਸ ਦਾ ਪੈਸਾ MLA ਖ਼ਰੀਦਣ ‘ਤੇ ਖਰਚ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕੀ ਦੇਸ਼ ਦਾ ਵਿਕਾਸ ਕਿਵੇਂ ਹੋਵੇਗਾ?
ਦਰਅਸਲ ਸ਼ਰਾਬ ਨੀਤੀ ਤੇ ਵਿਧਾਇਕਾਂ ਦੀ ਖਰੀਦ ਨੂੰ ਲੈ ਕੇ ਲਗਾਤਾਰ ਦੋਵੇਂ ਪਾਰਟੀਆਂ ਵਿਚਾਲੇ ਜੰਗ ਛਿੜੀ ਹੋਈ ਹੈ। ਵਿਧਾਨ ਸਭਾ ਦੌਰਾਨ ਵੀ ਕੇਜਰੀਵਾਲ ਨੇ ਬੀਜੇਪੀ ‘ਤੇ ਕਰੋੜਾਂ ਰੁਪਏ ਵਿੱਚ ਵਿਧਾਇਕ ਖਰੀਦਣ ਦਾ ਦੋਸ਼ ਲਾਇਆ।
ਵੀਰਵਾਰ ਨੂੰ ਆਪਣੀ ਪਾਰਟੀ ਦੇ ਵਿਧਾਇਕਾਂ ਖਿਲਾਫ਼ ਦਰਜ ਕੀਤੇ ਗਏ ਕੇਸਾਂ ਦਾ ਵਿਧਾਨ ਸਭਾ ਵਿੱਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਮੈਂ ਆਪਣੇ ਨਾਲ ਕੁਝ ਡਾਟਾ ਲਿਆਇਆ ਹਾਂ। ਸਾਡੇ 49 ਵਿਧਾਇਕਾਂ ਖਿਲਾਫ ਹੁਣ ਤੱਕ 169 ਕੇਸ ਦਰਜ ਹਨ।
ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿੱਚ ਕਿਹਾ ਕਿ ਅਸੀਂ ਇੱਕ ਛੋਟੀ ਪਾਰਟੀ ਹਾਂ। ਅਸੀਂ ਹੁਣੇ ਹੀ ਪੈਦਾ ਹੋਏ ਹਾਂ ਪਰ ਸਾਡੇ ‘ਤੇ 169 ਕੇਸ ਹਨ। ਇਨ੍ਹਾਂ ਵਿੱਚੋਂ 134 ਕੇਸ ਬੰਦ ਹੋ ਚੁੱਕੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਦੀਆਂ ਜਾਂਚ ਏਜੰਸੀਆਂ ਭ੍ਰਿਸ਼ਟਾਚਾਰ ਵਿੱਚੋਂ ਇੱਕ ਵੀ ਕੇਸ ਸਾਬਤ ਨਹੀਂ ਕਰ ਸਕੀਆਂ ਹਨ।