ਮੁੰਬਈ : ਭਾਜਪਾ ਆਗੂ, ਬਾਲੀਵੁੱਡ ਅਦਾਕਾਰਾ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਗੋਆ ਤੋਂ ਨਵੀਂ ਦਿੱਲੀ ਏਅਰਪੋਰਟ ਆਉਣ ਤੋਂ ਬਾਅਦ ਹਰਿਆਣਾ ਦੇ ਹਿਸਾਰ ਸਥਿਤ ਉਨ੍ਹਾਂ ਦੇ ਘਰ ਪਹੁੰਚਾ ਦਿੱਤੀ ਗਈ ਹੈ। ਰਾਤ ਕਰੀਬ 2.30 ਵਜੇ ਮ੍ਰਿਤਕ ਦੇਹ ਹਿਸਾਰ ਲਿਆਂਦੀ ਗਈ। ਦੱਸ ਦਈਏ ਕਿ ਅੱਜ 11 ਵਜੇ ਦੇ ਕਰੀਬ ਰਿਸ਼ੀ ਨਗਰ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੋਨਾਲੀ ਦੇ ਅੰਤਿਮ ਸੰਸਕਾਰ ’ਚ ਭਾਜਪਾ ਦੇ ਸੀਨੀਅਰ ਨੇਤਾ, ਅਹੁਦੇਦਾਰ, ਵਰਕਰ, ਪਰਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ।ਸੋਨਾਲੀ ਫੋਗਟ ਦੇ ਭਰਾ ਰਿੰਕੂ ਫੋਗਟ ਨੇ ਕਿਹਾ, ’’ਅਸੀਂ ਸ਼ੁਰੂ ਤੋਂ ਹੀ ਇਸ ਮਾਮਲੇ ਵਿਚ ਗਲਤ ਕੰਮ ਕਰਨ ਦੀ ਗੱਲ ਕਰ ਰਹੇ ਸੀ। ਸੋਨਾਲੀ ਫੋਗਾਟ ਦੇ ਪੋਸਟਮਾਰਟਮ ’ਚ ਵੀ ਇਹੀ ਗੱਲ ਸਾਹਮਣੇ ਆਈ ਹੈ। ਅਸੀਂ ਹੁਣ ਤੱਕ ਦੀ ਜਾਂਚ ਤੋਂ ਸੰਤੁਸ਼ਟ ਹਾਂ, ਅਸੀਂ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰਦੇ ਹਾਂ।’’ ਦੱਸ ਦੇਈਏ ਕਿ ਸੋਨਾਲੀ ਦੇ ਪੋਸਟਮਾਰਟਮ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਸੀ, ਜਿਸ ਕਾਰਨ ਪਰਿਵਾਰ ਅਸੰਤੁਸ਼ਟ ਸੀ।