ਨਵੀਂ ਦਿੱਲੀ : 'ਆਪ’ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਦੇ ਦਿੱਲੀ ’ਚ ਚਾਰ ਵਿਧਾਇਕਾਂ ਕੋਲ ਪਹੁੰਚ ਕਰਕੇ ਭਗਵਾ ਪਾਰਟੀ (BJP) ’ਚ ਸ਼ਾਮਲ ਹੋਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਦਿੱਤੀ ਹੈ। ਇੰਨਾ ਹੀ ਨਹੀਂ ਸਗੋਂ 'ਆਪ' ਵਿਧਾਇਕਾਂ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ‘ਆਪ’ ਨਾਲੋਂ ਨਾਤਾ ਨਹੀਂ ਤੋੜਦੇ ਹਨ ਤਾਂ ਮਨੀਸ਼ ਸਿਸੋਦੀਆ ਵਾਂਗ ਉਹ ਵੀ CBI ਅਤੇ ED ਦੇ ‘ਝੂਠੇ’ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇਸ ਦਾ ਪ੍ਰਗਟਾਵਾ ਆਪ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕਾਂ ਅਜੈ ਦੱਤ, ਸੰਜੀਵ ਝਾਅ, ਸੋਮਨਾਥ ਭਾਰਤੀ ਅਤੇ ਕੁਲਦੀਪ ਕੁਮਾਰ ਕੋਲ ਭਾਜਪਾ ਦੇ ਉਨ੍ਹਾਂ ਆਗੂਆਂ ਨੇ ਪਹੁੰਚ ਕੀਤੀ ਹੈ ਜਿਨ੍ਹਾਂ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਹਨ।
ਉਨ੍ਹਾਂ ਕਿਹਾ ਕਿ ਚਾਰੋਂ ਵਿਧਾਇਕਾਂ ਨੂੰ ਇਹ ਵੀ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਉਹ ਆਪਣੇ ਨਾਲ ਹੋਰ ਵਿਧਾਇਕ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ 25-25 ਕਰੋੜ ਰੁਪਏ ਮਿਲਣਗੇ। ਦੱਸ ਦੇਈਏ ਕਿ ਇਸ ਸਮੇਂ ਪ੍ਰੈੱਸ ਕਾਨਫਰੰਸ ਦੌਰਾਨ ਚਾਰੇ ਵਿਧਾਇਕ ਵੀ ਹਾਜ਼ਰ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ’ਤੇ ਕਿਹਾ ਕਿ ਇਹ ਬਹੁਤ ਜ਼ਿਆਦਾ ਗੰਭੀਰ ਮਾਮਲਾ ਹੈ।
ਸੰਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਕੇਜਰੀਵਾਲ ਸਰਕਾਰ ਨੂੰ ਡੇਗਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੋਦੀ ਜੀ ਸ਼ਰਮ ਕਰੋ। ਅਜਿਹੀਆਂ ਕੋਸ਼ਿਸ਼ਾਂ ਬੰਦ ਕਰਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਸੁਲਝਾਉਣ ’ਤੇ ਧਿਆਨ ਕੇਂਦਰਤ ਕਰੋ।’’