ਅੰਮ੍ਰਿਤਸਰ : ‘ਲੰਪੀ ਸਕਿਨ’ ਬੀਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦੇ ਫਤਾਹਪੁਰ ਡੇਅਰੀ ਕੰਪਲੈਕਸ ਵਿਚ 16 ਗਊਆਂ ਦੀ ਮੌਤ ਹੋਣ ਕਾਰਨ ਡੇਅਰੀ ਮਾਲਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਜੇਕਰ ਸ਼ਹਿਰ ਦੀ ਗੱਲ ਕਰੀਏ ਤਾਂ ਹਾਥੀ ਗੇਟ ਸਥਿਤ ਪਸ਼ੂ ਹਸਪਤਾਲ ਵਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਨੇ ਨਾ ਸਿਰਫ਼ ਗਊਸ਼ਾਲਾ ਵਿਚ ਪਸ਼ੂਆਂ ਨੂੰ ਟੀਕੇ ਲਗਾ ਕੇ ਸੁਰੱਖਿਅਤ ਕੀਤਾ ਹੈ, ਸਗੋਂ ਸ਼ਹਿਰ ਦੇ ਅੰਦਰ ਜੋ ਵੀ ਪਸ਼ੂਆਂ ਦੀ ਉਨ੍ਹਾਂ ਨੂੰ ਜਾਣਕਾਰੀ ਮਿਲ ਰਹੀ ਹੈ, ਉਸ ਨੂੰ ਲੈ ਕੇ ਵੀ ਟੀਮਾਂ ਗਠਿਤ ਕੀਤੀਆਂ ਹਨ। ਫਤਾਹਪੁਰ ਡੇਅਰੀ ਕੰਪਲੈਕਸ ਵਿਚ ਧਿਆਨ ਨਾ ਹੋਣ ਕਾਰਨ ਪਸ਼ੂ ਜ਼ਿਆਦਾ ਮਰ ਰਹੇ ਹਨ। ਨਗਰ ਨਿਗਮ ਦੇ ਰਿਕਾਰਡ ਅਨੁਸਾਰ ਪਿਛਲੇ ਦਿਨ 15 ਪਸ਼ੂ ਅਤੇ ਸ਼ੁੱਕਰਵਾਰ ਨੂੰ 16 ਪਸ਼ੂ ਡੇਅਰੀ ਕੰਪਲੈਕਸ ਵਿਚੋਂ ਚੁੱਕ ਕੇ ਦੱਬੇ ਗਏ ਸਨ। ਡੇਅਰੀ ਕੰਪਲੈਕਸ ਵਿਚ ਮਰਨ ਵਾਲੀਆਂ ਗਾਵਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਸ ਸਮੇਂ ਵੀ ਕਈ ਪਸ਼ੂ ਬੀਮਾਰ ਪਏ ਹਨ। ਇਥੋਂ ਤੱਕ ਕਿ ਪਸ਼ੂ ਪਾਲਣ ਹਸਪਤਾਲ ਵੀ ਸਹੀ ਅੰਕੜੇ ਨਹੀਂ ਦੇ ਰਿਹਾ ਪਰ ਅੰਮ੍ਰਿਤਸਰ ਦੇ ਡੇਅਰੀ ਕੰਪਲੈਕਸ ਵਿਚ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਮਾੜੀ ਹਾਲਤ ਹੋਣ ਵਾਲੀ ਹੈ।