ਚੰਡੀਗੜ੍ਹ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਡੇ ਵਿਵਾਦ ਵਿਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਬੀਤੇ ਸਾਲ ਕਿਸਾਨ ਅੰਦੋਲਨ ਸਮੇਂ 26 ਜਨਵਰੀ ਨੂੰ ਕਿਸਾਨਾਂ ਨੇ ਵਿਰੋਧ ਪ੍ਰਗਟਾਉਣ ਲਈ ਟ੍ਰੈਕਟਰ ਮਾਰਚ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕਿਸਾਨ ਅੰਦੋਲਨ ਵਿਚ ਸ਼ਾਮਲ ਕੁੱਝ ਸ਼ਰਾਰਤੀ ਨੇ ਅਨਸਰਾਂ ਨੇ ਮਾਹੌਲ ਖਰਾਬ ਕਰਨ ਲਈ ਲਾਲ ਕਿਲ੍ਹੇ ’ਤੇ ਧਾਵਾ ਬੋਲ ਦਿੱਤਾ ਸੀ। ਇਸ ਮੌਕੇ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਵਿਚ ਮੰਤਰੀ ਲਾਲਜੀਤ ਭੁੱਲਰ ਦੀ ਸ਼ਮੂਲੀਅਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਭੁੱਲਰ ਕਿਸਾਨ ਅੰਦੋਲਨ ਵਿਚ ਵੀ ਸ਼ਾਮਲ ਰਹੇ, ਦੀਪ ਸਿੱਧੂ ਵਲੋਂ ਲਾਲ ਕਿਲ੍ਹਾ ਹਿੰਸਾ ਸਮੇਂ ਬਣਾਈ ਗਈ ਵੀਡੀਓ ਵਿਚ ਲਾਲਜੀਤ ਭੁੱਲਰ ਨਜ਼ਰ ਆਏ ਹਨ। ਇਸ ਦਿਨ ਲਾਲ ਕਿਲ੍ਹੇ ’ਤੇ ਤਿਰੰਗੇ ਦੀ ਜਗ੍ਹਾ ਕਿਸਾਨ ਅੰਦੋਲਨ ਵਿਚ ਸ਼ਾਮਲ ਕੁੱਝ ਸ਼ਰਾਰਤੀਆਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ।ਇਸ ਘਟਨਾ ਤੋਂ ਬਾਅਦ ਦੀਪ ਸਿੱਧੂ ਸਮੇਤ ਕਈ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਵੀਡੀਓ ਟਵੀਟ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਵਾਬ ਮੰਗਿਆ ਹੈ।