ਨਵੀਂ ਦਿੱਲੀ: ਪੱਛਮੀ ਬੰਗਾਲ ’ਚ ਅਧਿਆਪਕ ਭਰਤੀ ਘਪਲੇ ਮਾਮਲੇ ’ਚ ਹਿਰਾਸਤ ’ਚ ਲਈ ਗਈ ਅਰਪਿਤਾ ਮੁਖਰਜੀ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡਾ ਖ਼ੁਲਾਸਾ ਕੀਤਾ ਹੈ। ਈਡੀ ਮੁਤਾਬਕ ਅਰਪਿਤਾ ਮੁਖਰਜੀ ’ਤੇ ਜਾਨਲੇਵਾ ਹਮਲਾ ਹੋ ਸਕਦਾ ਹੈ, ਉਸ ਦੀ ਜਾਨ ਨੂੰ ਖ਼ਤਰਾ ਹੈ ਈਡੀ ਨੇ ਅਪੀਲ ਕੀਤੀ ਹੈ ਕਿ ਜਿਸ ਜੇਲ੍ਹ ’ਚ ਅਰਪਿਤਾ ਨੂੰ ਰੱਖਿਆ ਗਿਆ ਹੈ, ਉੱਥੇ ਉਸ ਦੇ ਖਾਣ-ਪੀਣ ਦੀ ਜਾਂਚ ਹੋਵੇ। ਉੱਥੇ ਹੀ ਅਰਪਿਤਾ ਨੂੰ 4 ਤੋਂ ਜ਼ਿਆਦਾ ਕੈਦੀਆਂ ਨਾਲ ਨਾ ਰੱਖਿਆ ਜਾਵੇ।ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਫੰਲ਼ਅ) ਦੀ ਕੋਰਟ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਅਰਪਿਤਾ ਸੁਰੱਖਿਅਤ ਨਹੀਂ ਹੈ, ਉਸ ਦੀ ਜਾਨ ਨੂੰ ਖ਼ਤਰਾ ਹੈ। ਅਜਿਹੇ ਵਿਚ ਉਸ ਨੂੰ ਜੋ ਵੀ ਖਾਣਾ ਦਿੱਤਾ ਜਾਵੇ, ਉਸ ਦੀ ਪਹਿਲਾਂ ਜਾਂਚ ਜ਼ਰੂਰੀ ਹੈ। ਓਧਰ ਅਰਪਿਤਾ ਦੀ ਵਕੀਲ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਮੁਵਕਿੱਲ ਯਾਨੀ ਕਿ ਅਰਪਿਤਾ ਦੀ ਜਾਨ ਨੂੰ ਖ਼ਤਰਾ ਹੈ। ਵਕੀਲ ਨੇ ਅਰਪਿਤਾ ਲਈ ਇਕ ਡਿਵੀਜ਼ਨ ਕੈਦੀ ਸ਼੍ਰੇਣੀ ਦੀ ਮੰਗ ਕੀਤੀ ਅਤੇ ਉਸ ਦੇ ਭੋਜਨ ਅਤੇ ਪਾਣੀ ਦੀ ਪਹਿਲਾਂ ਤੋਂ ਜਾਂਚ ਦੀ ਗੱਲ ਆਖੀ।ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਕੋਲਕਾਤਾ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ 18 ਅਗਸਤ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਦੇ ਜੱਜ ਜਿਬੋਨ ਕੁਮਾਰ ਸਾਧੂ ਨੇ ਈਡੀ ਦੀ ਬੇਨਤੀ ’ਤੇ ਚੈਟਰਜੀ ਅਤੇ ਮੁਖਰਜੀ ਨੂੰ 14-14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਅਦਾਲਤ ਨੇ ਸਾਬਕਾ ਮੰਤਰੀ ਚੈਟਰਜੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਚੈਟਰਜੀ ਤੇ ਮੁਖਰਜੀ ਨੂੰ 18 ਅਗਸਤ ਨੂੰ ਮਾਮਲੇ ਦੀ ਮੁੜ ਸੁਣਵਾਈ ਹੋਣ ’ਤੇ ਪੇਸ਼ ਕਰਨ ਲਈ ਕਿਹਾ