ਨਵੀਂ ਦਿੱਲੀ : ਕੇਂਦਰੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ (IB) ਨੇ ਸੁਤੰਤਰਤਾ ਦਿਵਸ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਹੈ। ਆਈਬੀ ਦੀ ਰਿਪੋਰਟ ਮੁਤਾਬਕ 15 ਅਗਸਤ ਤੱਕ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨ ਕਿਸੇ ਵੀ ਹਮਲੇ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਹਨ। ਆਈਬੀ ਨੇ ਦਿੱਲੀ ਪੁਲਿਸ ਨੂੰ ਇਸ ਸਬੰਧੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਆਈਬੀ ਨੇ ਆਪਣੀ 10 ਪੰਨਿਆਂ ਦੀ ਰਿਪੋਰਟ ਵਿੱਚ ਲਸ਼ਕਰ, ਜੈਸ਼ ਤੋਂ ਇਲਾਵਾ ਕੱਟੜਪੰਥੀ ਸੰਗਠਨਾਂ ਤੋਂ ਖਤਰੇ ਦਾ ਵਰਣਨ ਕੀਤਾ ਹੈ। ਰਿਪੋਰਟ 'ਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਹਮਲੇ ਦਾ ਵੀ ਜ਼ਿਕਰ ਹੈ। ਦਿੱਲੀ ਪੁਲੀਸ ਨੂੰ ਦਿੱਤੇ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਸਮਾਗਮ ਵਾਲੀ ਥਾਂ ’ਤੇ ਦਾਖ਼ਲ ਹੋਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਦੈਪੁਰ ਅਤੇ ਅਮਰਾਵਤੀ ਵਿੱਚ ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਆਈਬੀ ਨੇ ਨਿਰਦੇਸ਼ ਦਿੱਤੇ ਹਨ ਕਿ ਕੱਟੜਪੰਥੀ ਸਮੂਹਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖੀ ਜਾਵੇ।