ਜੰਮੂ: ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਘਪਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਮਾਮਲੇ ਵਿਚ ਫਾਰੂਕ ਤੋਂ ਕਈ ਵਾਰ ਪੁੱਛਗਿਛ ਕੀਤੀ ਜਾ ਚੁੱਕੀ ਹੈ। 2019 ਵਿਚ ਸਾਬਕਾ CM ਨੇ ਕ੍ਰਿਕਟ ਐਸੋਸੀਏਸ਼ਨ ਘਪਲੇ ਵਿਚ ਆਪਣਾ ਬਿਆਨ ਦਰਜ ਕਰਾਇਆ ਸੀ।
ਈਡੀ ਇਸ ਮਾਮਲੇ ਵਿਚ ਫਾਰੂਕ ਖਿਲਾਫ ਕਾਰਵਾਈ ਵੀ ਕਰ ਚੁੱਕੀ ਹੈ। ਦਸੰਬਰ 2020 ਵਿਚ ਅਬਦੁੱਲਾ ਦੀ 11.86 ਕਰੋੜ ਦੀ ਸੰਪਤੀ ਕੁਰਕ ਸੀ। ਆਖਰੀ ਵਾਰ ਉਨ੍ਹਾਂ ਤੋਂ 31 ਮਈ ਨੂੰ ਸ਼੍ਰੀਨਗਰ ਵਿਚ 3 ਘੰਟੇ ਤੋਂ ਵੱਧ ਸਮੇਂ ਲਈ ਪੁੱਛਗਿਛ ਹੋਈ ਸੀ।
ਫਾਰੂਕ ‘ਤੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਪੈਸੇ ਨੂੰ ਹੇਰਾਫੇਰੀ ਨਾਲ ਕੱਢਣ ਦਾ ਦੋਸ਼ ਹੈ। ਇਸ ਰਕਮ ਨੂੰ ਐਸੋਸੀਏਸ਼ਨ ਦੇ ਅਧਿਕਾਰੀਆਂ ਸਣੇ ਕਈ ਹੋਰ ਲੋਕਾਂ ਦੇ ਵਿਅਕਤੀਗਤ ਬੈਂਕ ਖਾਤਿਆਂ ਵਿਚ ਟਰਾਂਸਫਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਫਾਰੂਕ ਦੀ ਭੂਮਿਕਾ ਇਸ ਲਈ ਸ਼ੱਕੀ ਮੰਨੀ ਗਈ ਕਿਉਂਕਿ ਉਸ ਸਮੇਂ ਉਹ ਐਸੋਸੀਏਸ਼ਨ ਦੇ ਪ੍ਰਧਾਨ ਸਨ।
ਅਬਦੁੱਲਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਸੀ। ਨਾਲ ਹੀ ਖੇਡ ਵਿਭਾਗ ਵਿਚ ਨਿਯੁਕਤੀਆਂ ਕੀਤੀਆਂ ਜਿਸ ਨਾਲ ਬੀਸੀਸੀਆਈ ਵੱਲੋਂ ਮਿਲਣ ਵਾਲੇ ਪੈਸੇ ਨੂੰ ਲੁੱਟਿਆ ਜਾ ਸਕੇ।