ਵਾਸ਼ਿੰਗਟਨ : ਅਮਰੀਕਾ ਦੀ ਹਵਾਈ ਫ਼ੌਜ ਨੇ ਇਕ ਵੱਡਾ ਫੈਸਲਾ ਲੈਂਦਿਆਂ ਸਿੱਖ ਕੈਡਟ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸੂਰਤ ਰੂਪ ਵਿਚ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦੇ ਦਿਤੀ ਹੈ। ਗੁਰਸ਼ਰਨ ਸਿੰਘ ਵਿਰਕ ਨਾ ਸਿਰਫ਼ ਦਾੜ੍ਹੀ ਅਤੇ ਦਸਤਾਰ ਨਾਲ ਹਵਾਈ ਫ਼ੌਜ ਦੀ ਸੇਵਾ ਨਿਭਾਅ ਸਕੇਗਾ ਬਲਕਿ ਉਸ ਨੂੰ ਕੱਕਾਰ ਧਾਰਨ ਕਰਨ ਦੀ ਇਜਾਜ਼ਤ ਵੀ ਦਿਤੀ ਗਈ ਹੈ।
ਯੂਨੀਵਰਸਿਟੀ ਆਫ਼ ਆਇਓਵਾ ਵਿਖੇ ਡਿਟੈਚਮੈਂਟ 255 ਵਿਚ ਸੌਫੋਮੋਰ ਇਨਫ਼ਰਮੇਸ਼ਨ ਅਸ਼ੋਰੈਂਸ ਮੇਜਰ ਗੁਰਸ਼ਰਨ ਸਿੰਘ ਵਿਰਕ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪੱਗ ਗੁਰੂ ਸਾਹਿਬ ਵੱਲੋਂ ਬਖਸ਼ਿਆ ਤਾਜ ਹੈ ਜਿਸ ਨੂੰ ਹਰ ਸਿੱਖ ਆਪਣੇ ਸਿਰ ’ਤੇ ਸਜਾਉਣਾ ਚਾਹੁੰਦਾ ਹੈ।
ਇਤਿਹਾਸਕ ਤੌਰ ’ਤੇ ਵੀ ਦਸਤਾਰ ਸਜਾਉਣ ਦਾ ਮਕਸਦ ਇਹ ਹੁੰਦਾ ਸੀ ਮੁਸ਼ਕਲ ਵਿਚ ਘਿਰੇ ਇਨਸਾਨ ਦਸਤਾਰਧਾਰੀਆਂ ਤੋਂ ਮਦਦ ਮੰਗਦੇ ਸਨ। ਗੁਰਸ਼ਰਨ ਸਿੰਘ ਵਿਰਕ ਨੇ ਅੱਗੇ ਦੱਸਿਆ ਕਿ ਉਸ ਦੇ ਪਿਤਾ ਭਾਰਤੀ ਫੌਜ ਵਿਚ ਸਨ ਅਤੇ ਉਹ ਵੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ। ਪਰ ਅਮਰੀਕੀ ਫੌਜ ਵਿਚ ਸਿੱਖਾਂ ਨੂੰ ਬਹੁਤੀ ਧਾਰਮਿਕ ਆਜ਼ਾਦੀ ਨਾ ਹੋਣ ਕਾਰਨ ਇਹ ਸੁਪਨਾ ਪੂਰਾ ਹੋਣਾ ਸੰਭਵ ਨਹੀਂ ਸੀ ਲੱਗ ਰਿਹਾ।