ਚੰਡੀਗੜ੍ਹ : 77 ਸਾਲਾ ਸਾਬਕਾ ਪੁਲਿਸ ਅਧਿਕਾਰੀ ਸਿਮਰਨਜੀਤ ਸਿੰਘ ਮਾਨ ਨੇ ਐਤਵਾਰ ਨੂੰ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾਇਆ। ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਗ਼ਰਮਖਿਆਲੀ ਮੰਨਿਆ ਜਾਂਦਾ ਹੈ।
ਮਾਨ ਦਾ ਜਨਮ ਅਣਵੰਡੇ ਪੰਜਾਬ ਦੇ ਸ਼ਿਮਲਾ ਵਿੱਚ 1945 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ 1967 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਗੀਤਇੰਦਰ ਕੌਰ ਮਾਨ ਹੈ। ਉਨ੍ਹਾਂ ਦੀ ਪਤਨੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਭੈਣਾਂ ਹਨ। ਮਾਨ ਸਾਬਕਾ ਪੁਲਿਸ ਅਧਿਕਾਰੀ ਹਨ।
ਉਹ ਲੁਧਿਆਣਾ ਪੁਲਿਸ ਦੇ ਸੁਪਰਡੈਂਟ ਵੀ ਰਹਿ ਚੁੱਕੇ ਹਨ। ਉਨ੍ਹਾਂ ‘ਤੇ 100 ਤੋਂ ਜ਼ਿਆਦਾ ਮੁਕੱਦਮੇ ਦਰਜ ਹਨ ਤੇ ਉਹ 30 ਤੋਂ ਜ਼ਿਆਦਾ ਵਾਰ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਨੇ 1984 ਵਿੱਚ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ IPS ਅਹੁਦੇ ਕੇਂਦਰੀ ਉਦਯੋਗਿਕ ਸਰੱਖਿਆ ਬਲ ਦੇ ਕਮਾਂਡਟ ਵਜੋਂ ਅਸਤੀਫਾ ਦਿੱਤਾ ਸੀ।
ਉਨ੍ਹਾਂ ਨੇ ਪੰਜ ਸਾਲ ਜੇਲ੍ਹ ਵਿਚ ਵੀ ਬਿਤਾਏ। 1989 ਵਿੱਚ ਉਹ ਪਹਿਲੀ ਵਾਰ ਤਰਨਤਾਰਨ ਤੋਂ ਲੋਕ ਸਭਾ ਚੋਣ ਜਿੱਤੇ। ਉਨ੍ਹਾਂ ਦੀ ਜਿੱਤ ਉਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਜਿੱਤ ਸੀ। ਉਸ ਸਮੇਂ ਤਰਨਤਾਰਨ ਖਾਲਿਸਤਾਨੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ।
ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਸਿਮਰਨਜੀਤ ਸਿੰਘ ਮਾਨ ਨੇ 1994 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜੱਥੇਦਾਰ ਮਨਜੀਤ ਸਿੰਘ ਜੀ ਕੇ ਦੇ ਕਹਿਣ ‘ਤੇ ਕੀਤੀ ਸੀ। ਉਦੋਂ ਤੋਂ ਉਹ ਪਾਰਟੀ ਦੇ ਮੁਖੀ ਹਨ। 1999 ਵਿੱਚ ਉਹ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇ। 2014 ਵਿੱਚ ਉਨ੍ਹਾਂ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।
ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਸਮੇਂ ਮਾਨ ਨੇ ਕਿਹਾ ਸੀ ਕਿ ਉਹ ਆਪਣੀ ਪਾਰਟੀ ਦੀ ਵਿਚਾਰਧਾਰਾ ਮੁਤਾਬਕ ਸੰਸਦ ਵਿਚ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਚੋਣ ਲੜ ਰਹੇ ਹਨ ਪਰ ਕੁਝ ਲੋਕ ਨਹੀਂ ਚਾਹੁੰਦੇ ਕਿ ਉਹ ਚੋਣ ਲੜਨ।