ਚੰਡੀਗੜ੍ਹ: ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਦੌਰਾਨ ‘ਆਪ’ ਉਮੀਦਵਾਰ ਗੁਰਮੇਲ ਸਿੰਘ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਪਿੰਡ ਚੀਮਾ ਵਿਚ ਬਣੇ ਬੂਥ ’ਤੇ ਵੋਟ ਪਾਉਣ ਪਹੁੰਚੇ।
ਭਾਰਤੀ ਜਨਤਾ ਪਾਰਟੀ ਦੇ ਆਗੂ ਦਾਮਨ ਬਾਜਵਾ ਅਤੇ ਉਹਨਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਨੇ ਪਿੰਡ ਅਕਾਲਗੜ੍ਹ ਦੇ ਬੂਥ ਨੰਬਰ 108 'ਤੇ ਆਪਣੀ ਵੋਟ ਪਾਈ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਪਰਿਵਾਰ ਸਮੇਤ ਵੋਟ ਦਾ ਭੁਗਤਾਨ ਕੀਤਾ। ਇਸ ਸਮੇਂ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬੀਬੀ ਹਰਜੀਤ ਕੌਰ ਢੀਂਡਸਾ, ਬੀਬੀ ਗਗਨਦੀਪ ਕੌਰ ਢੀਂਡਸਾ ਵੀ ਮੌਜੂਦ ਸਨ।
ਇਸ ਸੀਟ 'ਤੇ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ ਅੰਮ੍ਰਿਤਸਰ ਵਿਚਾਲੇ ਸਖ਼ਤ ਟੱਕਰ ਹੈ। ਪੰਜਾਬ ਵਿਚ ਇਤਿਹਾਸਕ ਜਿੱਤ ਦਰਜ ਕਰਕੇ ਸੰਗਰੂਰ ਉਪ ਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਇਕ ਚੁਣੌਤੀ ਹੈ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ 'ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ।