ਨਵੀਂ ਦਿੱਲੀ: ਫੌਜ ਵਿਚ ਚਾਰ ਸਾਲ ਦੀ ਸੇਵਾ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪੱਥ ਯੋਜਨਾ ਖ਼ਿਲਾਫ਼ ਦੇਸ਼ ਦੇ ਕਈ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨਾਂ ਦੀ ਮੰਗ ਸਹੀ ਹੈ। ਉਹਨਾਂ ਨੇ ਮੋਦੀ ਸਰਕਾਰ ਨੂੰ ਵੀ ਇਹ ਨਸੀਹਤ ਦਿੱਤੀ ਹੈ ਕਿ ਨੌਜਵਾਨਾਂ ਨੂੰ 4 ਸਾਲ ਹੀ ਨਹੀਂ ਸਗੋਂ ਸਾਰੀ ਉਮਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, “ਫ਼ੌਜ ਦੀ ਭਰਤੀ ਸਬੰਧੀ ਕੇਂਦਰ ਦੀ ਨਵੀਂ ਯੋਜਨਾ ਦਾ ਦੇਸ਼ 'ਚ ਹਰ ਪਾਸੇ ਵਿਰੋਧ ਹੋ ਰਿਹਾ ਹੈ। ਨੌਜਵਾਨ ਨਾਰਾਜ਼ ਹਨ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ।
ਨੌਜਵਾਨਾਂ ਨੂੰ 4 ਸਾਲ ਨਹੀਂ, ਸਗੋਂ ਸਾਰੀ ਉਮਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਪਿਛਲੇ ਦੋ ਸਾਲਾਂ ਤੋਂ ਫ਼ੌਜ ’ਚ ਭਰਤੀ ਨਾ ਹੋਣ ਕਾਰਨ Overage ਹੋਏ ਨੌਜਵਾਨਾਂ ਨੂੰ ਵੀ ਮੌਕਾ ਦਿੱਤਾ ਜਾਵੇ”।
ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਅਗਨੀਪਥ ਸਕੀਮ ਨੂੰ ਨੌਜਵਾਨਾਂ ਨਾਲ ਧੋਖਾ ਦੱਸਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਫੌਜ ਨੂੰ ਸੁਰੱਖਿਆ ਗਾਰਡ ਟ੍ਰੇਨਿੰਗ ਸੈਂਟਰ ਬਣਾ ਦਿੱਤਾ ਹੈ।
ਉਹਨਾਂ ਕਿਹਾ ਕਿ ਇਹ ਯੋਜਨਾ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੀ ਗਈ ਹੈ। ਸੰਜੇ ਸਿੰਘ ਨੇ ਕਿਹਾ ਕਿ 4 ਸਾਲ ਬਾਅਦ ਨੌਜਵਾਨ ਜਾਂ ਤਾਂ ਪ੍ਰਾਈਵੇਟ ਕੰਪਨੀਆਂ ਵਿਚ ਸਕਿਓਰਿਟੀ ਗਾਰਡ ਬਣੇਗਾ ਜਾਂ ਫਿਰ ਆਤਮ ਹੱਤਿਆ ਕਰਨ ਲਈ ਮਜਬੂਰ ਹੋਵੇਗਾ।