Friday, November 22, 2024
 

ਸਿਆਸੀ

ਰਾਸ਼ਟਰਪਤੀ ਚੋਣ ਦਾ ਐਲਾਨ, ਇਸ ਤਰੀਕ ਨੂੰ ਹੋਵੇਗੀ ਵੋਟਿੰਗ

June 10, 2022 07:58 AM

ਨਵੀਂ ਦਿੱਲੀ : ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪੈਣਗੀਆਂ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਦਾ ਜਾਨਸ਼ੀਨ ਚੁਣਨ ਲਈ 4809 ਸੰਸਦ ਮੈਂਬਰ ਅਤੇ ਵਿਧਾਨ ਸਭਾਵਾਂ ਦੇ ਵਿਧਾਇਕ ਆਪਣੇ ਹੱਕ ਦੀ ਵਰਤੋਂ ਕਰਨਗੇ।

ਲੋਕ ਸਭਾ ਤੇ ਰਾਜ ਸਭਾ ’ਚ ਸੰਸਦ ਮੈਂਬਰਾਂ ਦੀ ਵੱਡੀ ਗਿਣਤੀ ਅਤੇ ਕਈ ਸੂਬਿਆਂ ’ਚ BJP ਦੀਆਂ ਸਰਕਾਰਾਂ ਹੋਣ ਕਰਕੇ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਜਾਪਦੀ ਹੈ। ਰਾਸ਼ਟਰਪਤੀ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ ਅਤੇ ਅਗਲੇ ਰਾਸ਼ਟਰਪਤੀ ਦੀ ਚੋਣ ਉਸ ਦਿਨ ਤੋਂ ਪਹਿਲਾਂ ਹੋਣੀ ਜ਼ਰੂਰੀ ਹੈ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਾਸ਼ਟਰਪਤੀ (President) ਅਹੁਦੇ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ 15 ਤੋਂ 29 ਜੂਨ ਤੱਕ ਭਰੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਚੋਣ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਵੋਟਿੰਗ ਅਤੇ ਗਿਣਤੀ ਦੌਰਾਨ ਕੋਵਿਡ ਸਬੰਧੀ ਸਾਰੇ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ (Political party) ਨੂੰ ਕੋਈ ਵ੍ਹਿੱਪ ਜਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਮਜ਼ਦਗੀਆਂ ਦੀ ਪੜਤਾਲ 30 ਜੂਨ ਨੂੰ ਹੋਵੇਗੀ ਅਤੇ 2 ਜੁਲਾਈ ਤੱਕ ਨਾਮ ਵਾਪਸ ਲਏ ਜਾ ਸਕਣਗੇ। ਜੇਕਰ ਲੋੜ ਪਈ ਤਾਂ ਵੋਟਿੰਗ 18 ਜੁਲਾਈ ਅਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ।

776 ਸੰਸਦ ਮੈਂਬਰ ਅਤੇ 4033 ਵਿਧਾਇਕ ਵੋਟਾਂ ਪਾ ਸਕਣਗੇ। ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਸੰਸਦ ਅਤੇ ਵਿਧਾਨ ਸਭਾਵਾਂ ਦੇ ਪਰਿਸਰਾਂ ’ਚ ਹੋਵੇਗੀ ਜਦਕਿ ਰਾਜ ਸਭਾ ਦੇ ਸਕੱਤਰ ਜਨਰਲ ਰਿਟਰਨਿੰਗ ਅਫ਼ਸਰ ਹੋਣਗੇ। ਮੁੱਖ ਚੋਣ ਕਮਿਸ਼ਨਰ (Chief Election Commissioner) ਨੇ ਕਿਹਾ ਕਿ ਜੇਕਰ ਕਿਸੇ ਸੰਸਦ ਮੈਂਬਰ ਨੇ ਸੂਬਾ ਵਿਧਾਨ ਸਭਾ ਜਾਂ ਵਿਧਾਇਕ ਨੇ ਸੰਸਦੀ ਕੰਪਲੈਕਸ ’ਚ ਵੋਟ ਪਾਉਣੀ ਹੈ ਤਾਂ ਉਸ ਨੂੰ 10 ਦਿਨ ਪਹਿਲਾਂ ਚੋਣ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਦੇਣੀ ਪਵੇਗੀ।

ਰਾਜ ਸਭਾ, ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਨਾਮਜ਼ਦ ਮੈਂਬਰ ਚੋਣ ’ਚ ਹਿੱਸਾ ਨਹੀਂ ਲੈ ਸਕਣਗੇ। ਰਾਸ਼ਟਰਪਤੀ ਚੋਣ (Presidential Election) ’ਚ ਵਿਧਾਨ ਪਰਿਸ਼ਦਾਂ ਦੇ ਮੈਂਬਰ ਵੀ ਵੋਟਰ ਨਹੀਂ ਹੁੰਦੇ ਹਨ। ਪਿਛਲੀ ਵਾਰ ਰਾਸ਼ਟਰਪਤੀ ਅਹੁਦੇ ਲਈ ਵੋਟਾਂ 17 ਜੁਲਾਈ, 2017 ਨੂੰ ਪਈਆਂ ਸਨ ਅਤੇ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਈ ਸੀ। ਸ੍ਰੀ ਕੋਵਿੰਦ ਨੇ ਲੋਕ ਸਭਾ ਦੀ ਸਾਬਕਾ ਸਪੀਕਰ ਅਤੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਕਰੀਬ 3, 34, 730 ਵੋਟਾਂ ਨਾਲ ਹਰਾਇਆ ਸੀ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe