ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੱਧੂ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਬੀਮਾਰ ਹੋਣ ਕਾਰਨ ਉਨ੍ਹਾਂ ਦੀ ਡਾਕਟਰਾਂ ਨਾਲ ਗੱਲ ਜ਼ਰੂਰ ਹੋਈ ਹੈ।
ਨਵਜੋਤ ਕੌਰ (Navjot Kaur Sidhu) ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਜੋ ਬੀਮਾਰੀ ਹੈ, ਉਸ ਦਾ ਉਨ੍ਹਾਂ ਨੇ ਕਦੇ ਕੋਈ ਇਲਾਜ ਨਹੀਂ ਕਰਵਾਇਆ। ਉਨ੍ਹਾਂ ਦੇ ਪੈਰ ’ਤੇ ਸੱਟ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ। ਉਹ ਆਪਣਾ ਇਲਾਜ ਵਿਦੇਸ਼ ਦੇ ਡਾਕਟਰ ਨਾਲ ਫੋਨ ’ਤੇ ਗੱਲਬਾਤ ਕਰਕੇ ਕਰਦੇ ਹਨ। ਉਹ ਦਵਾਈਆਂ ਨਹੀਂ ਲੈਂਦੇ ਸਗੋਂ ਫਲਾਂ ਦੇ ਪੱਤਿਆਂ ਦਾ ਜੂਸ ਪੀਂਦੇ ਹਨ।
ਰੋਡਰੇਜ਼ ਮਾਮਲੇ ਨੂੰ ਲੈ ਕੇ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਿਹਾ ਕਿ ਮੇਰੇ ਪਤੀ ਬੇਕਸੂਰ ਹਨ। ਉਹ ਝੂਠ ਨਹੀਂ ਬੋਲਦੀ। ਮੇਰੇ ਪਤੀ ਨੇ ਕਦੇ ਵੀ ਉਸ ਵਿਅਕਤੀ ਨੂੰ ਹੱਥ ਨਹੀਂ ਲਾਇਆ। ਨਵਜੋਤ ਕੌਰ ਨੇ ਕਿਹਾ ਕਿ ਮੇਰੇ ਪਤੀ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਖੜ੍ਹੇ ਹੋਏ ਹਨ। ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਜ਼ ਕੱਸਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਜੇ ਤੁਸੀਂ ਸੋਚੋ ਕਿ ਦਿੱਲੀ ਤੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਾਈ ਜਾ ਸਕਦੀ ਹੈ ਤਾਂ ਇਹ ਕਦੇ ਨਹੀਂ ਹੋ ਸਕਦਾ। ਪੰਜਾਬ ਦੇ ਮੁੱਖ ਮੰਤਰੀ ਜੇ ਆਪਣੇ ਕੰਮ ਆਪ ਕਰਨ ਤਾਂ ਪੰਜਾਬ ਦੀ ਸਰਕਾਰ ਬਹੁਤ ਚੰਗੀ ਤਰ੍ਹਾਂ ਚੱਲ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਨਾਲ ਪਿਆਰ ਹੈ।
‘ਆਪ’ ਸਰਕਾਰ ਨੇ ਜਨਾਨੀਆਂ ਨੂੰ ਚੋਣਾਂ ਦੌਰਾਨ 1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਕਰਕੇ ਸਾਰੀਆਂ ਜਨਾਨੀਆਂ ਨੇ ਉਨ੍ਹਾਂ ਨੂੰ ਵੋਟ ਪਾਈ। ਇਸੇ ਕਰਕੇ ਪੰਜਾਬ ਸਰਕਾਰ ਨੂੰ ਜਨਾਨੀਆਂ ਨਾਲ ਕੀਤਾ ਵਾਅਦਾ ਹੁਣ ਪੂਰਾ ਕਰ ਦੇਣਾ ਚਾਹੀਦਾ ਹੈ।