ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਵਿਚ ਐਤਵਾਰ ਨੂੰ ਨਸ਼ਿਆਂ ਖ਼ਿਲਾਫ਼ ਇੱਕ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀ.ਐਮ ਮਾਨ ਪਹੁੰਚੇ। ਇਹ ਰੈਲੀ “Youth Against Drugs” ਦੇ ਬੈਨਰ ਹੇਠ ਹੋਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਮੈਂ ਨਸ਼ਿਆਂ ਵਿਚ ਫਸੇ ਨੌਜਵਾਨਾਂ ਦਾ ਕਸੂਰ ਨਹੀਂ ਮੰਨਦਾ। ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਅਜਿਹਾ ਮਾਹੌਲ ਮਿਲਿਆ ਕਿ ਡਿਗਰੀਆਂ ਲੈ ਕੇ ਘਰ ਮੁੜਦੇ ਸਨ ਜਿਸ ਨਾਲ ਉਹ ਨਿਰਾਸ਼ ਹੋ ਗਏ। ਕੁਝ ਨਸ਼ਾ ਲੈਣ ਲੱਗ ਪਏ ਤੇ ਕੁਝ ਵਿਦੇਸ਼ ਚਲੇ ਗਏ। ਕੁੱਝ ਵਿਹਲੇ ਬੈਠ ਗਏ ਤੇ ਖਾਲੀ ਮਨ ਸ਼ੈਤਾਨ ਦਾ ਘਰ ਹੁੰਦਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਬਹੁਤ ਖ਼ਾਸ ਹੈ ਕਿਉਂਕਿ ਇਸ ਦਾ ਸੰਦੇਸ਼ ਸਾਰੀ ਦੁਨੀਆਂ ਵਿਚ ਜਾਂਦਾ ਹੈ। ਪਹਿਲਾਂ ਜੋ ਨਾਅਰਾ ਸੀ ਕਿ 'ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ'' ਸੀ ਉਹ ਹੁਣ ਬਦਲ ਕੇ 'ਸਾਨੂੰ ਬੜਾ ਸਰੂਰ ਕਿ ਸਾਡਾ ਜ਼ਿਲ੍ਹਾ ਸੰਗਰੂਰ' ਹੋ ਗਿਆ ਹੈ।
CM ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਕੰਮ 'ਤੇ ਲਗਾ ਦਈਏ ਤੇ ਉਹ ਡਿਗਰੀ ਦੇ ਹਿਸਾਬ ਨਾਲ ਅਧਿਕਾਰੀ ਬਣ ਜਾਂਦੇ ਹਨ ਤਾਂ ਨਸ਼ਿਆਂ ਲਈ ਕੋਈ ਥਾਂ ਨਹੀਂ ਬਚੇਗੀ। ਪੰਜਾਬ ਦੀ ਮਿੱਟੀ ਇੰਨੀ ਉਪਜਾਊ ਹੈ ਕਿ ਇੱਥੇ ਤੁਸੀਂ ਜੋ ਚਾਹੋ ਬੀਜ ਸਕਦੇ ਹੋ, ਪਰ ਇੱਥੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ।
ਦੱਸ ਦਈਏ ਕਿ ਇਸ ਰੈਲੀ ਨੂੰ ਮੁੱਖ ਮੰਤਰੀ ਨੇ ਖ਼ੁਦ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਾਰਜ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ CM ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਇਸ ਲਈ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ।
ਹਰ ਜ਼ਿਲ੍ਹੇ ਵਿਚ ਇੱਕ ਪਾਸੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿੱਚ 2-2 ਐਸਟੀਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਐਸਐਸਪੀ, ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਐਸਟੀਐਫ ਨਾਲ ਸਹਿਯੋਗ ਕਰਨ ਲਈ ਕਿਹਾ ਗਿਆ ਹੈ। ਮਾਨ ਨੇ ਕਿਹਾ ਕਿ ਜੇਕਰ ਨਸ਼ੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਥਾਣੇ ਦੇ ਐਸਐਚਓ ਅਤੇ ਐਸਐਸਪੀ ਜ਼ਿੰਮੇਵਾਰ ਹੋਣਗੇ।