ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਦੌਰਾਨ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਸੁਨੀਲ ਜਾਖੜ ਨੇ ਝੂਠੀ ਬਿਆਨਬਾਜ਼ੀ ਕੀਤੀ ਹੈ, ਜਿਸ ਨਾਲ ਪਾਰਟੀ ਦਾ ਹੀ ਨਹੀਂ ਸਗੋਂ ਪੰਜਾਬ ਦਾ ਵੀ ਨੁਕਸਾਨ ਹੋਇਆ ਹੈ। ਦਰਅਸਲ ਬੇਨੇਸ਼ਵਰਧਾਮ 'ਚ ਰਾਹੁਲ ਗਾਂਧੀ ਦੀ ਮੀਟਿੰਗ 'ਚ ਆਏ ਹਰੀਸ਼ ਚੌਧਰੀ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਦਿੱਤਾ ਹੈ।
ਹਰੀਸ਼ ਚੌਧਰੀ ਨੇ ਕਿਹਾ ਕਿ ਪਾਰਟੀ ਨੇ ਧਰਮ ਦੇ ਆਧਾਰ 'ਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਨਹੀਂ ਲਿਆ, ਇਹ ਬਿਲਕੁਲ ਝੂਠ ਹੈ। ਉਹਨਾਂ ਨੂੰ ਕੁਝ ਗਲਤਫਹਿਮੀ ਸੀ। ਮੈਂ ਸਾਰੀ ਪ੍ਰਕਿਰਿਆ ਵਿਚ ਸ਼ਾਮਲ ਸੀ।
ਸੁਨੀਲ ਜਾਖੜ ਦੀ ਕਾਂਗਰਸ ਵਿਚ ਵਾਪਸੀ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਹਰੀਸ਼ ਚੌਧਰੀ ਨੇ ਕਿਹਾ ਕਿ ਜਾਖੜ ਨੇ ਚੋਣਾਂ ਦੌਰਾਨ ਅਤੇ ਚੋਣਾਂ ਤੋਂ ਬਾਅਦ ਜੋ ਵਿਵਾਦ ਛੇੜਿਆ ਸੀ, ਉਸ ਲਈ ਕਮੇਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ।
ਕਮੇਟੀ ਨੇ ਉਹਨਾਂ ਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ। ਹਰੀਸ਼ ਚੌਧਰੀ ਨੇ ਕਿਹਾ ਕਿ ਸੁਨੀਲ ਜਾਖੜ ਦੇ ਬਿਆਨ ਕਾਰਨ ਪੈਦਾ ਹੋਏ ਵਿਵਾਦ ਨੇ ਕਾਂਗਰਸ ਨੂੰ ਠੇਸ ਪਹੁੰਚਾਈ ਹੈ। ਕਾਂਗਰਸ ਹੀ ਨਹੀਂ ਸਗੋਂ ਪੰਜਾਬ ਨੂੰ ਵੀ ਨੁਕਸਾਨ ਹੋਇਆ ਹੈ।
ਉਦੈਪੁਰ 'ਚ ਹੋਏ ਚਿੰਤਨ ਸ਼ਿਵਿਰ ਬਾਰੇ ਉਹਨਾਂ ਦੱਸਿਆ ਕਿ ਇਸ ਦੌਰਾਨ ਸਾਡੀਆਂ ਜੋ ਵੀ ਕਮੀਆਂ ਸਨ, ਅਸੀਂ ਉਸ ਬਾਰੇ ਵੀ ਚਰਚਾ ਕੀਤੀ ਹੈ, ਪਾਰਟੀ ਨੇ ਫੈਸਲਾ ਵੀ ਲਿਆ ਹੈ। ਪਾਰਟੀ ਹੁਣ ਦੇਸ਼ ਭਰ ਵਿਚ ਭਾਰਤ ਜੋੜੋ ਪ੍ਰੋਗਰਾਮ ਚਲਾਏਗੀ।
ਲੋਕਾਂ ਵਿਚਕਾਰ ਦੁਬਾਰਾ ਵਿਸ਼ਵਾਸ ਕਿਵੇਂ ਪੈਦਾ ਕਰਨਾ ਹੈ। ਇਹ ਕੰਮ ਅਸੀਂ ਕਰਾਂਗੇ। ਅਸੀਂ ਸਵੀਕਾਰ ਕੀਤਾ ਹੈ ਕਿ ਲੋਕਾਂ ਨਾਲ ਜੁੜਨ ਵਿਚ ਕਮੀ ਰਹੀ ਹੈ। ਕੁਝ ਵਿਭਾਗ ਬਣਾਉਣ ਦੇ ਫੈਸਲੇ ਲਏ ਗਏ ਹਨ। ਨੌਜਵਾਨਾਂ ਨੂੰ ਰਾਜਨੀਤੀ ਵਿਚ ਸ਼ਾਮਲ ਕਰਨ ਦੇ ਫੈਸਲੇ ਲਏ ਗਏ ਹਨ।