ਮੁੰਬਈ : 2019 ’ਚ ਇਕ ਪੱਤਰਕਾਰ ਨਾਲ ਕਥਿਤ ਮਾੜੇ ਵਿਹਾਰ ’ਚ ਹੇਠਲੀ ਅਦਾਲਤ ਵੱਲੋਂ ਅਭਿਨੇਤਾ ਸਲਮਾਨ ਖ਼ਾਨ ਖ਼ਿਲਾਫ਼ ਜਾਰੀ ਇਕ ਸੰਮਨ ’ਤੇ ਬੰਬੇ ਹਾਈ ਕੋਰਟ ਨੇ ਰੋਕ 13 ਜੂਨ ਤੱਕ ਵਧਾ ਦਿੱਤੀ। ਮੁੰਬਈ ਦੀ ਇਕ ਸਥਾਨਕ ਅਦਾਲਤ ਨੇ ਮਾਰਚ ’ਚ ਸਲਮਾਨ ਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ਖ਼ਿਲਾਫ਼ ਸੰਮਨ ਜਾਰੀ ਕਰਕੇ ਉਨ੍ਹਾਂ ਨੂੰ ਪੰਜ ਅਪ੍ਰੈਲ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।
ਦੱਸਣਯੋਗ ਹੈ ਕਿ ਪੱਤਰਕਾਰ ਅਸ਼ੋਕ ਪਾਂਡੇ ਨੇ ਦੋਸ਼ ਲਗਾਉਂਦੇ ਹੋਏ ਪਟੀਸ਼ਨ ਦਾਖ਼ਲ ਕੀਤੀ ਸੀ ਕਿ ਸਲਮਾਨ ਤੇ ਉਨ੍ਹਾਂ ਦੇ ਬਾਡੀਗਾਰਡ ਨੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਤੇ ਮਾਰਕੁਟਾਈ ਕੀਤੀ। ਇਸ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਹੇਠਲੀ ਅਦਾਲਤ ਨੇ ਦੋਵਾਂ ਨੂੰ ਸੰਮਨ ਜਾਰੀ ਕੀਤਾ ਸੀ।
ਇਸ ਖ਼ਿਲਾਫ਼ ਸਲਮਾਨ ਨੇ ਪਿਛਲੇ ਮਹੀਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪੰਜ ਅਪ੍ਰੈਲ ਨੂੰ ਹਾਈ ਕੋਰਟ ਨੇ ਸੰਮਨ ਜਾਰੀ ਕਰ ਕੇ ਪੰਜ ਮਈ ਤੱਕ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸਲਮਾਨ ਦੇ ਬਾਡੀਗਾਰਡ ਸ਼ੇਖ ਨੇ ਵੀ ਸੰਮਨ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਲਗਾਈ।