ਚੰਡੀਗੜ੍ਹ :ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਨੂੰ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਫ਼ੈਸਲਾ ਕੀਤਾ ਹੈ। ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਸਕੂਲ ਵਿੱਚ ਜਗ੍ਹਾ, ਕਮਰਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਹੋਵੇਗੀ, ਉਨ੍ਹਾਂ ਸਕੂਲਾਂ ਨੂੰ ਹੀ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਮਾਮਲਾ ਵਿਚਾਰਿਆ ਜਾਵੇਗਾ।
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦੋ ਸ਼ਿਫਟਾਂ ਵਿੱਚ ਪੜ੍ਹਾਇਆ ਜਾਵੇਗਾ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ। ਇਸ ਸਬੰਧੀ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਮੇਂ ਦੀ ਇਹ ਤਰਤੀਬ ਰਹੇਗੀ ਕਿ ਪ੍ਰਾਇਮਰੀ ਸਕੂਲਾਂ ਲਈ ਗਰਮੀਆਂ ਵਿੱਚ 1 ਅਪਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫ਼ਟ ਸਕੂਲ ਲੱਗਣਗੇ ਅਤੇ ਸਰਦੀਆਂ ਵਿੱਚ 1 ਅਕਤੂਬਰ ਤੋਂ 31 ਮਾਰਚ ਤੱਕ ਸ਼ਾਮ ਦੀ ਸ਼ਿਫ਼ਟ ਵਿੱਚ ਸਕੂਲ ਲੱਗਣਗੇ। ਅੱਪਰ ਪ੍ਰਾਇਮਰੀ ਸਕੂਲ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਵਿੱਚ ਲੱਗਣਗੇ ਅਤੇ ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਲੱਗਣਗੇ।
ਗਰਮੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ ਸਵੇਰ 7 ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਅਤੇ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਦੁਪਹਿਰ 12.30 ਤੋਂ 5.30 ਵਜੇ ਤੱਕ ਹੋਵੇਗੀ। ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ 7.30 ਵਜੇ ਤੋਂ 12.15 ਵਜੇ ਤੱਕ ਅਤੇ ਸ਼ਾਮ ਦੀ ਸ਼ਿਫ਼ਟ ਦਾ ਸਮਾਂ 12.30 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਇਸ ਦੌਰਾਨ ਸਕੂਲ ਮੁਖੀ ਦੀ ਠਹਿਰ ਦਾ ਸਮਾਂ ਗਰਮੀਆਂ ਵਿੱਚ ਸਵੇਰ 7 ਵਜੇ ਤੋਂ ਇੱਕ ਵਜੇ ਤੱਕ ਹੋਵੇਗਾ ਅਤੇ ਸਰਦੀਆਂ ਵਿੱਚ 7.30 ਤੋਂ 1.30 ਵਜੇ ਤੱਕ ਹੋਵੇਗਾ।