ਜੰਮੂ-ਕਸ਼ਮੀਰ: ਸੀਮਾ ਸੁਰੱਖਿਆ ਬਲ (BSF) ਨੇ ਜੰਮੂ ਦੇ ਸਾਂਬਾ ਸੈਕਟਰ ਵਿੱਚ ਇੱਕ ਸੁਰੰਗ ਦਾ ਪਤਾ ਲਗਾਇਆ ਹੈ, ਜੋ ਪਾਕਿਸਤਾਨ ਤੋਂ ਬਣਾਈ ਗਈ ਸੀ। ਬੀਐਸਐਫ (BSF) ਦਾ ਮੰਨਣਾ ਹੈ ਕਿ ਪਾਕਿਸਤਾਨ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਲਈ ਇਸ ਸੁਰੰਗ ਰਾਹੀਂ ਅੱਤਵਾਦੀਆਂ ਨੂੰ ਭੇਜਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਸੁਰੰਗ ਦਾ ਪਤਾ ਲਗਾ ਕੇ ਬੀਐਸਐਫ ਨੇ ਅਮਰਨਾਥ ਯਾਤਰਾ ਵਿੱਚ ਵਿਘਨ ਪਾਉਣ ਦੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਸੁਰੰਗ ਕਰੀਬ 2 ਫੁੱਟ ਚੌੜੀ ਹੈ ਅਤੇ ਇਸ ਵਿਚ ਮਿੱਟੀ ਨਾਲ ਭਰੀਆਂ 21 ਬੋਰੀਆਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਸੁਰੰਗ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਸੀ। ਪਿਛਲੇ 1.5 ਸਾਲਾਂ ਵਿੱਚ, ਬੀਐਸਐਫ (BSF) ਨੇ ਇਸ ਪੰਜਵੀਂ ਸੁਰੰਗ ਦਾ ਪਤਾ ਲਗਾਇਆ ਹੈ, ਜਿਸਦੀ ਵਰਤੋਂ ਪਾਕਿਸਤਾਨ ਅੱਤਵਾਦੀਆਂ ਨੂੰ ਭੇਜਣ ਅਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰ ਰਿਹਾ ਸੀ।
ਬੀਐਸਐਫ ਦੇ ਬੁਲਾਰੇ ਡੀਆਈਜੀ ਐਸ.ਪੀ.ਐਸ. ਸੰਧੂ (DIG SPS SANDHU) ਨੇ ਇੱਕ ਬਿਆਨ ਵਿੱਚ ਕਿਹਾ, “ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਤੋੜਦਿਆਂ, ਬੀਐਸਐਫ ਜੰਮੂ ਨੇ 4 ਮਈ, 2022 ਨੂੰ ਸਾਂਬਾ ਖੇਤਰ ਦੇ ਸਾਹਮਣੇ ਬੀਓਪੀ ਚੱਕ ਫਕੀਰਾ ਦੇ ਖੇਤਰ ਵਿੱਚ ਇੱਕ ਸਰਹੱਦ ਪਾਰ ਸੁਰੰਗ ਦਾ ਪਤਾ ਲਗਾਇਆ।”ਇਹ ਸੁਰੰਗ ਤਾਜ਼ਾ ਪੁੱਟੀ ਗਈ ਹੈ ਅਤੇ ਲਗਭਗ 150 ਮੀਟਰ ਲੰਬੀ ਹੋਣ ਦਾ ਸ਼ੱਕ ਹੈ।