ਹੁਸ਼ਿਆਰਪੁਰ : ਪੰਜਾਬ ਦੀ ਧੀ ਨੇ ਵਿਦੇਸ਼ ਦੀ ਧਰਤੀ 'ਤੇ ਵੱਡਾ ਨਾਮਣਾ ਖੱਟਿਆ ਹੈ ਅਤੇ ਸਿਰਫ ਸੂਬੇ ਦਾ ਹੀ ਨਹੀਂ ਸਗੋਂ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ ਹੈ। ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੀ ਰਹਿਣ ਵਾਲੀ ਸ਼ੈਲੀ ਸਰਦੂਲ ਸਿੰਘ ਨੇ ਅਮਰੀਕਾ ਵਿਚ ਵਿਗਿਆਨੀ ਬਣ ਕੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆ ਵਿਚ ਚਮਾਇਆ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ਼ੈਲੀ ਸਰਦੂਲ ਸਿੰਘ ਦੇ ਪਿਤਾ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਆਪਣੀ ਧੀ ਦੀ ਇਸ ਉਪਲਭਦੀ 'ਤੇ ਉਹ ਬਹੁਤ ਹੀ ਖੁਸ਼ ਹਨ। ਦਸ ਦੇਈਏ ਕਿ ਡਾ. ਸਰਦੂਲ ਸਿੰਘ ਖ਼ੁਦ ਵੀ ਸੀਨੀਅਰ ਮੈਡੀਕਲ ਅਫ਼ਸਰ ਰਹਿ ਚੁੱਕੇ ਹਨ।
ਉਨ੍ਹਾਂ ਆਪਣੀ ਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੈਲੀ ਸਰਦੂਲ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਹੁਸ਼ਿਆਰਪੁਰ ਦੇ ਐੱਸ. ਏ. ਵੀ. ਜੈਨ ਡੇਅ ਬੋਰਡਿੰਗ ਤੋਂ ਪੂਰੀ ਕੀਤੀ ਸੀ ਅਤੇ 12ਵੀਂ ਦੀ ਪ੍ਰੀਖਿਆ ਸ਼ਹਿਰ ਦੇ ਹੀ ਇਕ ਨਿੱਜੀ ਇੰਸਟੀਚਿਊਟ ਤੋਂ ਕੀਤੀ ਸੀ।
ਜਿਸ ਤੋਂ ਬਾਅਦ ਸ਼ੈਲੀ ਸਰਦੂਲ ਸਿੰਘ ਨੇ ਆਪਣੀ ਐੱਮ. ਐੱਸ. ਸੀ. ਆਨਰਜ਼ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੀ. ਐੱਚ. ਡੀ. ਇਮਟੈਕ ਚੰਡੀਗੜ੍ਹ ਤੋਂ ਮੁਕੰਮਲ ਕੀਤੀ ਹੈ। ਉਨ੍ਹਾਂ ਦੇ ਪਿਤਾ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਕ ਸਾਲ ਪਹਿਲਾਂ ਹੀ ਅਮਰੀਕਾ ਵਿਖੇ ਆਪਣੇ ਪਤੀ ਨਾਲ ਗਈ ਸੀ, ਜਿੱਥੇ ਕਿ ਸ਼ੈਲੀ ਸਰਦੂਲ ਸਿੰਘ ਵਿਸ਼ਵ ਪੱਧਰੀ ਹਾਰਵਡ ਯੂਨੀਵਰਸਿਟੀ ਵਿਚ ਸਿੱਖਿਆ ਹਾਸਲ ਕਰਕੇ ਬੋਸਟਨ ਸਿਟੀ ਦੀ ਕੰਪਨੀ ਇਨਟੇਲੀਆ ਥੇਰੇਪਿਊਟਿਕਸ 'ਚ ਵਿਗਿਆਨੀ ਵਜੋਂ ਨਿਯੁਕਤ ਹੋਈ ਹੈ।
ਜਿਥੇ ਉਸ ਨੂੰ 1 ਲੱਖ 30 ਹਜ਼ਾਰ ਡਾਲਰ ਦਾ ਸਾਲਾਨਾ ਪੈਕੇਜ ਮਿਲੇਗਾ। ਮਾਪਿਆਂ ਨੂੰ ਆਪਣੀ ਧੀ ਦੇ ਵਿਗਿਆਨੀ ਬਣਨ ਨਾਲ ਬੇਹਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ 2020 ਵਿਚ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਬੇਟਾ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ ਜਿਸ ਕਾਰਨ ਉਹ ਇਥੇ ਪੰਜਾਬ ਵਿਚ ਆਪਣੇ ਘਰ 'ਚ ਇਕੱਲੇ ਹੀ ਹਨ। ਇਸ ਮੌਕੇ ਉਹ ਆਪਣੀ ਧੀ ਦੀ ਇਹ ਖੁਸ਼ੀ ਇਕੱਲੇ ਹੀ ਮਨਾ ਰਹੇ ਹਨ।