ਨਵੀਂ ਦਿੱਲੀ - ਦਿੱਲੀ ਦੀ ਜਹਾਂਗੀਰਪੁਰੀ ਘਟਨਾ 'ਚ 5 ਦੋਸ਼ੀਆਂ 'ਤੇ ਸਖਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਇਆ ਗਿਆ ਹੈ। ਪੁਲਿਸ ਨੇ ਹਿੰਸਾ ਦੇ ਦੋਸ਼ੀ ਗੁਲਾਮ ਰਸੂਲ ਉਰਫ਼ ਗੁੱਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਸੋਨੂੰ ਸ਼ੇਖ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਸੋਨੂੰ ਸ਼ੇਖ ਨੂੰ ਪੁਲਿਸ ਮੁਲਾਜ਼ਮਾਂ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਫੜਿਆ ਗਿਆ।
ਦਿੱਲੀ ਦੇ ਜਹਾਂਗੀਰਪੁਰੀ 'ਚ ਹਨੂੰਮਾਨ ਜਯੰਤੀ ਦੇ ਮੌਕੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ ਜਾਂਚ 'ਚ ਸਥਾਨਕ ਇਨਪੁਟ ਤੋਂ ਕਈ ਜਾਣਕਾਰੀਆਂ ਮਿਲੀਆਂ ਹਨ ਅਤੇ ਇਸ 'ਚ ਵੀਡੀਓ ਫੁਟੇਜ ਨੂੰ ਮਿਲਾ ਕੇ ਦੋਸ਼ੀਆਂ ਨੂੰ ਫੜਿਆ ਗਿਆ ਹੈ।
ਜਹਾਂਗੀਰਪੁਰੀ 'ਚ ਹੋਈ ਹਿੰਸਾ 'ਤੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਕ ਮਿਸਾਲ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।
ਇਸ ਤੋਂ ਬਾਅਦ ਜਾਂਚ 'ਚ ਤੇਜ਼ੀ ਆਈ ਅਤੇ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਕੁੱਲ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਕੁਝ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਸੋਨੂੰ ਸ਼ੇਖ, ਅੰਸਾਰ ਅਤੇ ਅਸਲਮ ਸਮੇਤ ਹੋਰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਹਿੰਸਾ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਲਈ 14 ਟੀਮਾਂ ਬਣਾਈਆਂ ਗਈਆਂ ਹਨ।
ਪੁਲਿਸ ਮੁਤਾਬਕ ਹਿੰਸਾ ਪਿੱਛੇ ਕੌਣ ਸਨ, ਉਨ੍ਹਾਂ ਦੀ ਪਛਾਣ ਕਰਨ ਲਈ ਉਹ 200 ਤੋਂ ਵੱਧ ਵੀਡੀਓਜ਼ ਦੀ ਜਾਂਚ ਕਰ ਰਹੇ ਹਨ। ਸਥਿਤੀ ਦੇ ਮੱਦੇਨਜ਼ਰ, 500 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਵਾਧੂ ਬਲਾਂ ਦੀਆਂ ਛੇ ਕੰਪਨੀਆਂ 24 ਘੰਟੇ ਖੇਤਰ ਵਿਚ ਤਾਇਨਾਤ ਹਨ। ਅਧਿਕਾਰੀ ਨੇ ਦੱਸਿਆ ਕਿ ਕੁੱਲ 80 ਅੱਥਰੂ ਗੈਸ ਟੀਮਾਂ ਅਤੇ ਵਾਟਰ ਕੈਨਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।