ਕਾਨਪੁਰ : ਨਿੰਬੂਆਂ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਅਸਮਾਨ ਨੂੰ ਛੂਹ ਰਹੀਆਂ ਹਨ। ਨਿੰਬੂ ਦੀ ਕੀਮਤ ਕਾਰਨ ਕਾਨਪੁਰ 'ਚ ਕਿਸਾਨਾਂ ਦੀ ਨੀਂਦ ਇਸ ਤਰ੍ਹਾਂ ਉੱਡ ਗਈ ਹੈ ਜਿਵੇਂ ਸ਼ਾਮਤ ਆ ਗਈ ਹੋਵੇ।
ਨਿੰਬੂ ਮਹਿੰਗਾ ਹੋਣ ਕਾਰਨ ਨਿੰਬੂ ਦੇ ਬਾਗਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਅਜਿਹੀ ਹੀ ਖ਼ਬਰ ਕਾਨਪੁਰ ਦੇ ਬਿਠੂਰ ਤੋਂ ਸਾਹਮਣੇ ਆਈ ਹੈ ਜਿਥੇ ਬਾਗ ਵਿਚੋਂ ਚੋਰਾਂ ਨੇ 15, 000 ਨਿੰਬੂ ਚੋਰੀ ਕਰ ਲਏ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬਿਠੂਰ ਵਿਚ ਗੰਗਾ ਕਟਰੀ ਕੰਢੇ ਵੱਡੀ ਮਾਤਰਾ ਵਿਚ ਨਿੰਬੂਆਂ ਦੀ ਖੇਤੀ ਕੀਤੀ ਜਾਂਦੀ ਹੈ, ਇਸ ਲਈ ਰੇਟ ਵਧਣ ਦੇ ਨਾਲ ਹੀ ਹੁਣ ਨਿੰਬੂਆਂ ਦੀ ਦੇਖਭਾਲ ਲਈ ਕਿਸਾਨਾਂ ਨੇ ਬਾਗ ਦੀ ਰਖਵਾਲੀ ਲਈ 50 ਚੌਕੀਦਾਰ ਰੱਖੇ ਹਨ। ਇਨ੍ਹਾਂ ’ਤੇ 450 ਰੁਪਏ ਦੇ ਹਿਸਾਬ ਨਾਲ ਰੋਜ਼ਾਨਾ 22 ਹਜ਼ਾਰ 500 ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਨਿੰਬੂ ਜੋ ਕਦੇ ਆਮ ਹੁੰਦਾ ਸੀ, ਹੁਣ ਖਾਸ ਬਣ ਗਿਆ ਹੈ। ਜਦੋਂ ਇਸ ਦੇ ਰੇਟ ਅਸਮਾਨ ਛੂਹਣ ਲੱਗੇ ਤਾਂ ਹੁਣ ਚੋਰੀਆਂ ਹੋਣ ਲੱਗ ਪਈ ਹੈ।ਇਸ ਤੋਂ ਪਹਿਲਾਂ ਸ਼ਾਹਜਹਾਂਪੁਰ ਅਤੇ ਬਰੇਲੀ ਵਿੱਚ ਨਿੰਬੂ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਸ਼ਾਹਜਹਾਂਪੁਰ ਦੀ ਸਬਜ਼ੀ ਮੰਡੀ 'ਚੋਂ 60 ਕਿਲੋ ਨਿੰਬੂ ਚੋਰੀ ਹੋਇਆ ਹੈ, ਜਦੋਂ ਕਿ ਬਰੇਲੀ ਦੀ ਡੇਲਾਪੀਰ ਮੰਡੀ 'ਚੋਂ 50 ਕਿਲੋ ਨਿੰਬੂ ਚੋਰੀ ਹੋਇਆ ਹੈ।