ਮੋਗਾ : ਥਾਣਾ ਮੈਹਣਾ ਦੇ ਅਧੀਨ ਪੈਂਦੇ ਪਿੰਡ ਬੁੱਘੀਪੁਰਾ ਵਿਖੇ ਪਿੰਡ ਦੇ ਹੀ ਵਿਅਕਤੀ ਨੇ ਇਕ ਔਰਤ ਦਾ ਉਸ ਸਮੇਂ ਕਤਲ ਕਰ ਦਿੱਤਾ, ਜਦ ਉਹ ਖੇਤ ਵਿਚੋਂ ਪਸ਼ੂਆਂ ਲਈ ਪੱਠੇ ਲੈਣ ਜਾ ਰਹੀ ਸੀ।
ਇਸ ਸਬੰਧੀ ਥਾਣਾ ਮੈਹਿਣਾ ਦੇ ਇਸੰਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬੁੱਘੀਪੁਰਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਪਿੰਡ ਦਾ ਹੀ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਉਸ ਦੀ ਪਤਨੀ 'ਤੇ ਮਾੜੀ ਨਜ਼ਰ ਰੱਖਦਾ ਸੀ ਤੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ।
ਕੱਲ੍ਹ 6 ਅਪ੍ਰੈਲ ਦੀ ਦੇਰ ਸ਼ਾਮ ਨੂੰ ਉਸ ਦੀ ਪਤਨੀ ਪਸ਼ੂਆਂ ਲਈ ਪੱਠੇ ਲੈਣ ਲਈ ਰੇਹੜੇ 'ਤੇ ਜਾ ਰਹੀ ਸੀ ਤਾਂ ਇਸ ਦੌਰਾਨ ਰਸਤੇ ਵਿਚ ਗੁਰਪ੍ਰੀਤ ਸਿੰਘ ਮੋਟਰਸਾਈਕਲ 'ਤੇ ਆਇਆ, ਜਿਸ ਨੇ ਦਸਤੀ ਕੁਹਾੜੀ ਨਾਲ ਉਸ ਦੀ ਪਤਨੀ ਦੇ ਸਿਰ ਦੇ ਪਿਛਲੇ ਪਾਸੇ ਮੋਢਿਆਂ 'ਤੇ ਵਾਰ ਕੀਤੇ, ਜਿਸ ਦੇ ਚਲਦਿਆਂ ਉਸ ਦੀ ਪਤਨੀ ਕਣਕ ਦੇ ਖੇਤਾਂ ਵਿਚ ਡਿੱਗ ਗਈ, ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਕੁਹਾੜੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਲਾਸ਼ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤੀ ਤੇ ਉਕਤ ਮੁਲਜ਼ਮ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।