Saturday, November 23, 2024
 

ਸਿਆਸੀ

ਭਾਜਪਾ ‘ਰਾਸ਼ਟਰ ਭਗਤੀ’ ਅਤੇ ਵਿਰੋਧੀ ‘ਪਰਿਵਾਰ ਭਗਤੀ’ ਨੂੰ ਸਮਰਪਿਤ: ਮੋਦੀ

April 07, 2022 07:41 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਭਾਜਪਾ ‘ਰਾਸ਼ਟਰ ਭਗਤੀ’ ਨੂੰ ਸਮਰਪਿਤ ਹੈ ਜਦੋਂਕਿ ਇਸ ਦੇ ਵਿਰੋਧੀ ‘ਪਰਿਵਾਰ ਭਗਤੀ’ ਵਿੱਚ ਯਕੀਨ ਰੱਖਦੇ ਹਨ। PM ਮੋਦੀ ਨੇ ਕਿਹਾ ਕਿ ਹੌਲੀ-ਹੌਲੀ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗਾ ਹੈ ਕਿ ਪਰਿਵਾਰਵਾਦੀ ਪਾਰਟੀਆਂ ਜਮਹੂਰੀਅਤ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ।

ਭਾਜਪਾ ਦੇ 42ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਮੈਂਬਰਾਂ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਪਰਿਵਾਰ ਦੀ ਸੱਤਾ ਨੂੰ ਸਮਰਪਿਤ ਹਨ। ਸੰਵਿਧਾਨਕ ਨੇਮਾਂ ਪ੍ਰਤੀ ਉਨ੍ਹਾਂ ਵਿੱਚ ਭੋਰਾ ਵੀ ਸਤਿਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਵੰਸ਼ਵਾਦੀ ਵੱਖ ਵੱਖ ਰਾਜਾਂ ਵਿੱਚ ਸਰਗਰਮ ਹੋਣ ਦੇ ਬਾਵਜੂਦ ਇਕ ਦੂਜੇ ਵੱਲੋਂ ਕੀਤੇ ਭ੍ਰਿਸ਼ਟਾਚਾਰ ਤੇ ਬੁਰੇ ਕੰਮਾਂ ’ਤੇ ਪਰਦਾ ਪਾਉਂਦੇ ਹਨ।

PM ਮੋਦੀ ਨੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਬਣੇ ਭੂ-ਸਿਆਸੀ ਹਾਲਾਤ ਦੇ ਹਵਾਲੇ ਨਾਲ ਕਿਹਾ ਕਿ ਹੁਣ ਜਦੋਂ ਪੂਰਾ ਵਿਸ਼ਵ ਦੋ ਧਿਰਾਂ ਵਿੱਚ ਵੰਡਿਆ ਗਿਆ ਹੈ, ਭਾਰਤ ਕਿਸੇ ਵੀ ਪੇਸ਼ਕਦਮੀ ਤੋਂ ਪਹਿਲਾਂ ਆਪਣੇ ਕੌਮੀ ਹਿੱਤਾਂ ਨੂੰ ਸਿਖਰਲੀ ਤਰਜੀਹ ਦਿੰਦਾ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਲੈਂਦੇ ਹੋਏ ਕਿਹਾ ਕਿ ਜਦੋਂ ਇਹ ਪਾਰਟੀਆਂ ਕੌਮੀ ਪੱਧਰ ’ਤੇ ਸਰਗਰਮ ਹੁੰਦੀਆਂ ਹਨ ਜਾਂ ਫਿਰ ਰਾਜਾਂ ਵਿੱਚ ਸਰਕਾਰ ਬਣਾਉਂਦੀਆਂ ਹਨ, ਤਾਂ ਕੁਝ ਪਰਿਵਾਰਾਂ ਦੇ ਮੈਂਬਰ ਸਥਾਨਕ ਨਿਗਮਾਂ ਤੋਂ ਲੈ ਕੇ ਸੰਸਦ ਤੱਕ ਹਾਵੀ ਹੋਣ ਲੱਗਦੇ ਹਨ।

ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਨੇ ਅਜਿਹੀਆਂ ਪਾਰਟੀਆਂ ਨੂੰ ਚੁਣੌਤੀ ਦਿੱਤੀ ਤੇ ਪਰਿਵਾਰਵਾਦ ਨੂੰ ਚੋਣ ਮੁੱਦਾ ਬਣਾਇਆ। ਉਨ੍ਹਾਂ ਬਿਨਾਂ ਕਿਸੇ ਪਾਰਟੀ ਦਾ ਨਾਂ ਲੈਂਦਿਆਂ ਕਿਹਾ ਕਿ ਜਮਹੂਰੀ ਕਦਰਾਂ ਕੀਮਤਾਂ ਦਾ ਪੱਲਾ ਫੜੀ ਭਾਜਪਾ ਵਰਕਰ ਇਨ੍ਹਾਂ ਪਾਰਟੀਆਂ ਵੱਲੋਂ ਕੀਤੇ ਜਾਂਦੇ ‘ਅਨਿਆਂ’ ਤੇ ‘ਜ਼ੁਲਮਾਂ’ ਖਿਲਾਫ਼ ਲੜ ਰਹੇ ਹਨ।

ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿਰੋਧੀ ਤਾਕਤਾਂ ਨੂੰ ਭਾਂਜ ਦੇਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਬਿਨਾਂ ਕਿਸੇ ਪੱਖਪਾਤ ਦੇ ਭਲਾਈ ਸਕੀਮਾਂ ਚਲਾਈਆਂ। ਉਨ੍ਹਾਂ ਪੱਖਪਾਤ ਤੇ ਭ੍ਰਿਸ਼ਟਾਚਾਰ ਨੂੰ ਵੋਟ ਬੈਂਕ ਸਿਆਸਤ ਦੇ ‘ਸਾਈਡ ਇਫੈਕਟ’ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਲਈ ਰਾਜਨੀਤੀ ਤੇ ਰਾਸ਼ਟਰਨੀਤੀ ਇਕੋ ਚੀਜ਼ ਹੈ ਤੇ ਇਨ੍ਹਾਂ ਨੂੰ ਅੱਡ ਨਹੀਂ ਕੀਤਾ ਜਾ ਸਕਦਾ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe