ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਰਾਹੀਂ ਹੁਣ ਰੋਜ਼ਾਨਾ ਮਹਿੰਗਾਈ ਦਾ ਝਟਕਾ ਲੱਗ ਰਿਹਾ ਹੈ। ਅੱਜ ਵੀ ਪੈਟਰੋਲ-ਡੀਜ਼ਲ ਨੇ 80-80 ਪੈਸੇ ਦਾ ਝਟਕਾ ਦਿੱਤਾ ਹੈ। ਵੀਰਵਾਰ ਨੂੰ ਜਦੋਂ ਪੈਟਰੋਲੀਅਮ ਕੰਪਨੀਆਂ ਨੇ ਈਂਧਨ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਤਾਂ ਜੈਪੁਰ-ਅਹਿਮਦਾਬਾਦ ਤੋਂ ਪਟਨਾ ਅਤੇ ਭੋਪਾਲ ਤੋਂ ਚੇਨਈ ਤੱਕ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ। ਮੁੰਬਈ ‘ਚ ਵੀ ਡੀਜ਼ਲ ਹੁਣ 100 ਰੁਪਏ ਨੂੰ ਪਾਰ ਕਰ ਗਿਆ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ 80 ਪੈਸੇ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਇਹ 101.81 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਸ ਤਰ੍ਹਾਂ ਦਿੱਲੀ ‘ਚ 10 ਦਿਨਾਂ ‘ਚ ਪੈਟਰੋਲ 6.40 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਵੀ 6 ਰੁਪਏ 40 ਪੈਸੇ ਮਹਿੰਗਾ ਹੋ ਗਿਆ ਹੈ। ਹੁਣ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 101.81 ਰੁਪਏ ਅਤੇ ਡੀਜ਼ਲ ਦੀ ਕੀਮਤ 93.07 ਰੁਪਏ ਹੋਵੇਗੀ। ਇਸ ਤੋਂ ਪਹਿਲਾਂ 21 ਮਾਰਚ ਨੂੰ ਰਾਜਧਾਨੀ ‘ਚ ਪੈਟਰੋਲ ਦੀ ਕੀਮਤ 95.41 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਸੀ।