ਰੁਦਰਪ੍ਰਯਾਗ : ਕੇਦਾਰਨਾਥ ਪੈਦਲ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਹਾਲੇ ਤਕ ਕੁਬੇਰ ਗਦੇਰਾ ਤਕ ਬਰਫ਼ ਹਟਾਉਣ ਦਾ ਕੰਮ ਕੀਤਾ ਜਾ ਚੁੱਕਾ ਹੈ।
ਹੁਣ ਕੇਦਾਰਨਾਥ ਮੰਦਰ ਤਕ ਸਾਢੇ ਚਾਰ ਕਿਲੋਮੀਟਰ ਦੇ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਬਾਕੀ ਰਹਿ ਗਿਆ ਹੈ। ਬਰਫ਼ ਹਟਾ ਕੇ ਪੈਦਲ ਰਸਤਾ ਬਣਾਉਣ ’ਚ 150 ਮਜ਼ਦੂਰ ਲੱਗੇ ਹੋਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, 31 ਮਾਰਚ ਤਕ ਕੇਦਾਰਨਾਥ ਪੈਦਲ ਮਾਰਗ ਤੋਂ ਬਰਫ਼ ਹਟਾ ਦਿੱਤੀ ਜਾਵੇਗੀ। ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਿਵਾਡ਼ ਸ਼ਰਧਾਲੂਆਂ ਲਈ 6 ਮਈ ਨੂੰ ਖੋਲ੍ਹ ਦਿੱਤੇ ਜਾਣਗੇ।
ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ਤੋਂ ਹੁਣ ਤਕ ਸਾਢੇ ਪੰਜ ਕਿਲੋਮੀਟਰ ਰਸਤੇ ਤੋਂ ਬਰਫ਼ ਹਟਾਈ ਜਾ ਚੁੱਕੀ ਹੈ, ਜਦਕਿ ਹਾਲੇ ਵੀ ਸਾਢੇ ਚਾਰ ਕਿਲੋਮੀਟਰ ਰਸਤੇ ਤੋਂ ਬਰਫ਼ ਹਟਾਈ ਜਾਣੀ ਬਾਕੀ ਹੈ।
ਜ਼ਿਲ੍ਹਾ ਆਫ਼ਤ ਮੈਨੇਜਮੈਂਟ ਅਥਾਰਟੀ ਦੀ ਦੇਖਰੇਖ ’ਚ 28 ਫਰਵਰੀ ਤੋਂ ਕੇਦਾਰਨਾਥ ਪੈਦਲ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਚੱਲ ਰਿਹਾ ਹੈ।
150 ਤੋਂ ਜ਼ਿਆਦਾ ਮਜ਼ਦੂਰ ਬਰਫ਼ ਹਟਾਉਣ ਵਿਚ ਲੱਗੇ ਹਨ। ਹੁਣ ਤਕ ਪੈਦਲ ਮਾਰਗ ’ਤੇ ਲਿਨਚੋਲੀ ਤੋਂ ਡੇਢ ਕਿਲੋਮੀਟਰ ਅੱਗੇ ਕੁਬੇਰ ਗਦੇਰਾ ਤਕ ਬਰਫ਼ ਹਟਾਈ ਜਾ ਚੁੱਕੀ ਹੈ।
ਜ਼ਿਲ੍ਹਾ ਆਫ਼ਤ ਮੈਨੇਜਮੈਂਟ ਅਥਾਰਟੀ ਦੇ ਇੰਜੀਨੀਅਰ ਪ੍ਰਵੀਨ ਕਰਣਵਾਲ ਨੇ ਦੱਸਿਆ ਕਿ 31 ਮਾਰਚ ਤਕ ਗੌਰੀਕੁੰਡ ਤੋਂ ਕੇਦਾਰਨਾਥ ਤਕ ਪੈਦਲ ਮਾਰਗ ਤੋਂ ਬਰਫ਼ ਹਟਾ ਕੇ ਇਕ ਮੀਟਰ ਚੌਡ਼ਾ ਮਾਰਗ ਤਿਆਰ ਹੋ ਜਾਵੇਗਾ।