ਬੰਗਲੁਰੂ: ਚੀਫ ਜਸਟਿਸ ਰਿਤੁਰਾਜ ਅਵਸਥੀ ਦੀ ਅਗਵਾਈ ਵਾਲੀ ਕਰਨਾਟਕ ਹਾਈ ਕੋਰਟ ਦੀ ਬੈਂਚ ਮੰਗਲਵਾਰ ਸਵੇਰੇ ਹਿਜਾਬ ਮਾਮਲੇ 'ਤੇ ਫੈਸਲਾ ਸੁਣਾਏਗੀ।
ਮਾਮਲੇ ਨੂੰ ਦਿਨ ਦੇ ਪਹਿਲੇ ਪਹਿਰ ਲਈ ਸੂਚੀਬੱਧ ਕੀਤਾ ਗਿਆ ਹੈ। ਤਿੰਨ ਜੱਜਾਂ ਦੇ ਬੈਂਚ ਵਿਚ ਜਸਟਿਸ ਕ੍ਰਿਸ਼ਨਾ ਐਸ. ਦੀਕਸ਼ਿਤ ਅਤੇ ਜਸਟਿਸ ਖਾਜੀ ਜਯਾਬੁਨੇਸਾ ਮੋਹੀਉਦੀਨ ਨੇ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਸ ਫੈਸਲੇ ਤੋਂ ਪਹਿਲਾਂ ਕਰਨਾਟਕ ਦੀ ਰਾਜਧਾਨੀ ਬੰਗਲੁਰੂ 'ਚ ਕੁਝ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਬੰਗਲੁਰੂ ਅਨੁਸਾਰ 15 ਤੋਂ 21 ਮਾਰਚ ਤੱਕ ਇਕ ਹਫ਼ਤੇ ਲਈ ਸ਼ਹਿਰ ਭਰ ਵਿਚ ਜਨਤਕ ਥਾਵਾਂ 'ਤੇ ਹਰ ਤਰ੍ਹਾਂ ਦੇ ਇਕੱਠ, ਅੰਦੋਲਨ, ਪ੍ਰਦਰਸ਼ਨ ਜਾਂ ਸਮਾਗਮਾਂ 'ਤੇ ਪਾਬੰਦੀ ਲਗਾਈ ਗਈ ਹੈ।
ਹਿਜਾਬ ਵਿਵਾਦ 'ਤੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਤੋਂ ਪਹਿਲਾਂ ਦਕਸ਼ੀਨਾ ਕੰਨੜ ਡੀਸੀ ਨੇ 15 ਮਾਰਚ ਨੂੰ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਹੁਕਮ ਦਿੱਤਾ ਹੈ।
ਹੁਕਮਾਂ ਅਨੁਸਾਰ ਬਾਹਰੀ ਪ੍ਰੀਖਿਆਵਾਂ ਨਿਰਧਾਰਤ ਸਮੇਂ ਅਨੁਸਾਰ ਹੀ ਹੋਣਗੀਆਂ ਪਰ ਸਾਰੇ ਸਕੂਲਾਂ ਅਤੇ ਕਾਲਜਾਂ ਦੀਆਂ ਅੰਦਰੂਨੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ।
ਡੀਸੀ ਕਲਬੁਰਗੀ ਯਸ਼ਵੰਤ ਵੀ ਗੁਰੂਕਰ ਨੇ ਕਿਹਾ, "ਹਿਜਾਬ ਦੇ ਫੈਸਲੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅੱਜ 19 ਮਾਰਚ ਸਵੇਰੇ 6 ਵਜੇ ਤੱਕ ਧਾਰਾ 144 ਲਾਗੂ ਕਰ ਦਿੱਤੀ ਹੈ। ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ।"