Friday, November 22, 2024
 

ਰਾਸ਼ਟਰੀ

ਪੰਜਾਬ 'ਚ ਆਈ ਕ੍ਰਾਂਤੀ ਪੂਰੇ ਦੇਸ਼ 'ਚ ਪਹੁੰਚੇਗੀ: ਅਰਵਿੰਦ ਕੇਜਰੀਵਾਲ

March 10, 2022 11:46 PM

ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਈ ਕ੍ਰਾਂਤੀ ਹੁਣ ਪੂਰੇ ਦੇਸ਼ ਵਿਚ ਪਹੁੰਚੇਗੀ।

ਉਹਨਾਂ ਇਹ ਵੀ ਕਿਹਾ ਕਿ ਇਸ ਫਤਵੇ ਨਾਲ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ‘ਅਤਿਵਾਦੀ’ ਨਹੀਂ ਸਗੋਂ ਦੇਸ਼ ਦਾ ਸੱਚਾ ਪੁੱਤਰ ਅਤੇ ਦੇਸ਼ ਭਗਤ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਆਪਣਾ 'ਛੋਟਾ ਭਰਾ' ਦੱਸਿਆ।

ਪਾਰਟੀ ਹੈੱਡਕੁਆਰਟਰ ਵਿਖੇ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, ‘ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਪੰਜਾਬ ਦੇ ਨਤੀਜੇ ਇਕ ਵੱਡੀ ਕ੍ਰਾਂਤੀ ਵਾਲੇ ਹਨ। ਵੱਡੀਆਂ ਕੁਰਸੀਆਂ ਹਿੱਲ ਗਈਆਂ।

ਸੁਖਬੀਰ ਸਿੰਘ ਬਾਦਲ ਹਾਰ ਗਏ, ਕੈਪਟਨ ਸਾਬ੍ਹ ਹਾਰ ਗਏ, ਚੰਨੀ ਸਾਬ੍ਹ, ਪ੍ਰਕਾਸ਼ ਸਿੰਘ ਬਾਦਲ, ਸਿੱਧੂ ਅਤੇ ਮਜੀਠੀਆ ਹਾਰ ਗਏ’। ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ, ''ਅਫਸੋਸ ਦੀ ਗੱਲ ਹੈ ਕਿ 75 ਸਾਲਾਂ ਤੱਕ ਇਹਨਾਂ ਨੇਤਾਵਾਂ ਅਤੇ ਪਾਰਟੀਆਂ ਨੇ ਬ੍ਰਿਟਿਸ਼ ਸਿਸਟਮ ਨੂੰ ਕਾਇਮ ਰੱਖਿਆ। ਲੋਕਾਂ ਦੀ ਗਰੀਬੀ ਦੂਰ ਨਹੀਂ ਕੀਤੀ।

ਅਸੀਂ ਸਿਸਟਮ ਬਦਲਿਆ ਹੈ। ਅਸੀਂ ਇਮਾਨਦਾਰ ਰਾਜਨੀਤੀ ਸ਼ੁਰੂ ਕੀਤੀ ਹੈ। ਅਸੀਂ ਲੋਕਾਂ ਦੇ ਕੰਮ ਸ਼ੁਰੂ ਕਰ ਦਿੱਤੇ ਹਨ। ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਦਾ ਸੁਪਨਾ ਸਾਕਾਰ ਹੋਣਾ ਸ਼ੁਰੂ ਹੋ ਗਿਆ ਹੈ”।

ਉਹਨਾਂ ਦਾਅਵਾ ਕੀਤਾ, “ਇਹ ਸਾਰੇ ਲੋਕ (ਵਿਰੋਧੀ ਨੇਤਾ) ਮੇਰੇ ਵਿਰੁੱਧ ਅਤੇ ਆਮ ਆਦਮੀ ਪਾਰਟੀ ਖਿਲਾਫ਼ ਇਕੱਠੇ ਹੋਏ ਸਨ। ਸਾਰਿਆਂ ਦਾ ਇਕੋ ਮਨੋਰਥ ਸੀ ਕਿ ਆਮ ਆਦਮੀ ਪਾਰਟੀ ਨਹੀਂ ਹੋਣੀ ਚਾਹੀਦੀ। ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ

। ਸਾਰਿਆਂ ਨੇ ਮਿਲ ਕੇ ਕਿਹਾ ਕਿ ਕੇਜਰੀਵਾਲ ਅਤਿਵਾਦੀ ਹੈ। ਅੱਜ ਇਹਨਾਂ ਨਤੀਜਿਆਂ ਰਾਹੀਂ ਜਨਤਾ ਨੇ ਕਿਹਾ ਕਿ ਕੇਜਰੀਵਾਲ ਅਤਿਵਾਦੀ ਨਹੀਂ, ਸਗੋਂ ਦੇਸ਼ ਦਾ ਸੱਚਾ ਪੁੱਤਰ ਅਤੇ ਦੇਸ਼ ਭਗਤ ਹੈ”।

ਉਹਨਾਂ ਕਿਹਾ, ''ਸਾਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਅਸੀਂ ਨਵਾਂ ਭਾਰਤ ਬਣਾਵਾਂਗੇ ਜਿੱਥੇ ਨਫ਼ਰਤ ਲਈ ਕੋਈ ਥਾਂ ਨਹੀਂ ਹੋਵੇਗੀ, ਜਿੱਥੇ ਕੋਈ ਭੁੱਖਾ ਨਹੀਂ ਸੌਂਵੇਗਾ, ਗਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮਿਲੇਗੀ।

ਕਈ ਬੱਚਿਆਂ ਨੂੰ ਡਾਕਟਰੀ ਸਿੱਖਿਆ ਲੈਣ ਲਈ ਯੂਕਰੇਨ ਜਾਣਾ ਪੈਂਦਾ ਹੈ। ਅਸੀਂ ਅਜਿਹਾ ਭਾਰਤ ਬਣਾਵਾਂਗੇ ਕਿ ਇੱਥੋਂ ਦੇ ਬੱਚਿਆਂ ਨੂੰ ਯੂਕਰੇਨ ਨਹੀਂ ਜਾਣਾ ਪਵੇਗਾ, ਸਗੋਂ ਬਾਹਰੋਂ ਲੋਕ ਪੜ੍ਹਾਈ ਲਈ ਭਾਰਤ ਆਉਣਗੇ”।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe