ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਐਤਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹੈਂਡ ਗ੍ਰਨੇਡ ਨਾਲ ਹਮਲਾ ਕੀਤਾ। ਇਸ ਘਟਨਾ ‘ਚ 1 ਨਾਗਰਿਕ ਦੀ ਮੌਤ ਹੋ ਗਈ। ਜਦਕਿ ਇੱਕ ਪੁਲਿਸ ਮੁਲਾਜ਼ਮ ਸਮੇਤ 21 ਲੋਕ ਜ਼ਖਮੀ ਹੋ ਗਏ।
ਪੁਲਿਸ ਮੁਤਾਬਕ ਇਹ ਘਟਨਾ ਸ਼੍ਰੀਨਗਰ ਦੇ ਲਾਲ ਚੌਕ ਦੇ ਅਮੀਰਾ ਕਦਲ ਇਲਾਕੇ ‘ਚ ਵਾਪਰੀ। ਹਮਲੇ ‘ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਨੂੰ ਫੜਨ ਲਈ ਫੌਜੀ ਮੁਹਿੰਮ ਸ਼ੁਰੂ ਕਰ ਦਿੱਤੀ। ਐਸਐਮਐਚਐਸ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ 21 ਲੋਕ ਜ਼ਖ਼ਮੀ ਹੋਏ ਹਨ।
ਇਨ੍ਹਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ, ”ਐਤਵਾਰ ਸ਼ਾਮ 4:20 ਵਜੇ ਅੱਤਵਾਦੀਆਂ ਨੇ ਹਰੀ ਸਿੰਘ ਹਾਈ ਸਟਰੀਟ’ਤੇ ਤਾਇਨਾਤ ਪੁਲਿਸ ਅਤੇ ਸੁਰੱਖਿਆ ਬਲਾਂ ‘ਤੇ ਗ੍ਰਨੇਡ ਨਾਲ ਹਮਲਾ ਕੀਤਾ।
ਘਟਨਾ ਤੋਂ ਬਾਅਦ ਅੱਤਵਾਦੀ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।